ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਿੱਚ 16 ਸਤੰਬਰ ਤੱਕ ਵਾਧਾ
ਚੰਡੀਗੜ 31 ਜੁਲਾਈ। ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਦੀਆਂ ਹਦਾਇਤਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਆਖਰੀ ਤਰੀਕ 31 ਜੁਲਾਈ 2024 ਤੋਂ ਵਧਾ ਕੇ 16 ਸਤੰਬਰ 2024 ਕਰ ਦਿੱਤੀ ਗਈ ਹੈ। ਯੋਗ ਵਿਅਕਤੀ ਆਪਣੀ ਵੋਟ ਫਾਰਮ ਭਰ ਕੇ ਬਣਵਾ ਸਕਦੇ ਹਨ। ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਤਹਸੀਲਦਾਰ ਜਾਂ ਐਸਡੀਐਮ ਦਫਤਰਾਂ ਨਾਲ ਸੰਪਰਕ ਵੀ ਕਰ ਸਕਦੇ ਹੋ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਬਣਨ ਵਾਸਤੇ ਤੁਹਾਨੂੰ ਫਾਰਮ ਆਪਣੇ ਪਟਵਾਰੀ ਜਾਂ ਸ਼ਹਿਰ ਵਿੱਚ ਨਗਰ ਕੌਂਸਲ ਜਾਂ ਨਗਰ ਨਿਗਮ ਦੇ ਦਫਤਰ ਵਿੱਚ ਜਮਾ ਕਰਵਾਉਣਾ ਹੋਵੇਗਾ। ਫਾਰਮ ਦੇ ਨਾਲ ਤੁਹਾਨੂੰ ਇੱਕ ਪਾਸਪੋਰਟ ਸਾਈਜ਼ ਫੋਟੋ, ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਈਸੈਂਸ,ਪਾਸਪੋਰਟ, ਨਰੇਗਾ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ, ਆਦਿ ਪਰੂਫ਼ ਦੀ ਕਾਪੀ ਵੀ ਲਾਈ ਜਾ ਸਕਦੀ ਹੈ। ਵੋਟ ਬਣਾਉਣ ਵਾਲੇ ਵਿਅਕਤੀ ਦੀ ਉਮਰ ਘੱਟ ਤੋਂ ਘੱਟ 21 ਸਾਲ ਹੋਣੀ ਚਾਹੀਦੀ ਹੈ। ਉਸ ਦੀ ਆਸਥਾ ਸਿੱਖ ਧਰਮ ਵਿੱਚ ਹੋਣੀ ਚਾਹੀਦੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੀ ਇਹ ਵੋਟ ਬਣਵਾ ਸਕਦਾ ਹੈ। ਉਧਰ ਜਾਣਕਾਰੀ ਅਨੁਸਾਰ ਹੁਣ ਤੱਕ 27,87,670 ਫਾਰਮ ਵੋਟਾਂ ਬਣਵਾਉਣ ਲਈ 26 ਜੁਲਾਈ 2024 ਤੱਕ ਭਰੇ ਗਏ ਹਨ।



