ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜ ਨਿਰੰਤਰ ਜਾਰੀ—ਡਿਪਟੀ ਕਮਿਸ਼ਨਰ
ਫਾਜਿ਼ਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰੋਜ਼ਾਨਾ ਰਾਸ਼ਨ ਕਿੱਟਾਂ ਅਤੇ ਹਰੇ ਚਾਰੇ ਦੀ ਕੀਤੀ ਜਾ ਰਹੀ ਹੈ ਵੰਡ
ਪਿੰਡ ਰੇਤੇਵਾਲੀ ਭੈਣੀ ਅਤੇ ਝੰਗੜਭੈਣੀ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਰਾਸ਼ਨ ਕਿੱਟਾਂ ਅਤੇ ਪਸੂਆਂ ਲਈ ਚਾਰਾ ਮੁਹੱਈਆ ਕਰਵਾਇਆ ਗਿਆ
ਫਾਜਿ਼ਲਕਾ 29 ਜੁਲਾਈ(ਜਗਜੀਤ ਸਿੰਘ ਧਾਲੀਵਾਲ)
ਫਾਜਿ਼ਲਕਾ ਦੇ ਸਤਲੁਜ਼ ਕਰੀਕ ਦੇ ਪਾਰ ਦੇ ਪਿੰਡ ਜਿੱਥੇ ਖੇਤਾਂ ਵਿਚ ਪਾਣੀ ਭਰ ਗਿਆ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵਲੋਂ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਦੀ ਮਦਦ ਲਈ ਵੀ ਉਪਰਾਲੇ ਲਗਾਤਾਰ ਜਾਰੀ ਹਨ। ਜਿੰਨ੍ਹਾਂ ਖੇਤਾਂ ਵਿਚ ਪਾਣੀ ਭਰ ਗਿਆ ਜਿੱਥੇ ਖੜੇ ਹਰੇ ਚਾਰੇ ਦੀ ਕਟਾਈ ਸੰਭਵ ਨਹੀਂ ਰਹੀ ਹੈ ਉਥੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਪਸ਼ੂ ਪਾਲਕਾਂ ਨੂੰ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪਸੂਆਂ ਲਈ ਚਾਰੇ ਦੀ ਵੰਡ ਜਿ਼ੱਥੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਉਥੇ ਬਹੁਤ ਸਾਰੇ ਹੋਰ ਆਸ ਪਾਸ ਦੇ ਪਿੰਡਾਂ ਤੋਂ ਵੀ ਕਿਸਾਨ ਵੀਰ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਲਈ ਚਾਰਾ ਲੈ ਕੇ ਪੁੱਜੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਰੇਤੇਵਾਲੀ ਭੈਣੀ ਅਤੇ ਝੰਗੜਭੈਣੀ ਆਦਿ ਪਿੰਡਾਂ ਵਿੱਚ ਪਸ਼ੂ ਪਾਲਕਾਂ ਦੀ ਲੋੜ ਅਨੁਸਾਰ ਚਾਰਾ ਅਤੇ ਹੜ੍ਹ ਪੀੜਤ ਲੋਕਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡ ਦੋਨਾ ਨਾਨਕਾ ਵਿਖੇ ਪਿੰਡ ਵਾਸੀਆਂ ਦੀ ਮੰਗ ਮੁਤਾਬਕ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਇੰਨ੍ਹਾਂ ਪਿੰਡਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ ਜੋ ਮਨੁੱਖਾਂ ਦੇ ਨਾਲ ਨਾਲ ਪਸੂਆਂ ਦਾ ਵੀ ਇਲਾਜ ਕਰ ਰਹੀਆਂ ਹਨ। ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਸਹਾਇਤਾ ਲਈ 24 ਘੰਟੇ ਚੱਲਣ ਵਾਲੇ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਫੋਨ ਨੰਬਰ 01638—262153 ਤੇ ਸੰਪਰਕ ਕੀਤਾ ਜਾ ਸਕਦਾ ਹੈ