ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏ.ਐਸ.ਆਈ. ਗ੍ਰਿਫ਼ਤਾਰ
ਚੰਡੀਗੜ੍ਹ, 21 ਜੁਲਾਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਰਾਮ ਪ੍ਰਕਾਸ਼ ਨੂੰ 30,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਏ.ਐਸ.ਆਈ ਨੂੰ ਜਸਵੀਰ ਸਿੰਘ ਜੱਜ ਵਾਸੀ ਗੁਰੂ ਨਾਨਕ ਨਗਰ ਪਿੰਡ ਕਾਕੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਵੀਰ ਸਿੰਘ ਪਿੰਡ ਕੰਗਣੀਵਾਲ ਵਿਖੇ ਡੇਅਰੀ ਫਾਰਮ ਚਲਾਉਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ 13 ਮਈ, 2022 ਨੂੰ ਥਾਣਾ ਪਤਾਰਾ ਵਿਖੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 323, 341, 149 ਤਹਿਤ ਕੇਸ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਦੂਜੀ ਧਿਰ ਵੱਲੋਂ ਉਸ ‘ਤੇ ਦਬਾਅ ਪਾਇਆ ਜਾ ਰਿਹਾ ਸੀ। ਉਸਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਭਰਾ ਅਮਨਪ੍ਰੀਤ ਸਿੰਘ 27-09-2022 ਨੂੰ ਉਸਦੇ ਡੇਅਰੀ ਫਾਰਮ ‘ਤੇ ਆਏ ਅਤੇ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਅਦ ਗੁਰਪ੍ਰੀਤ ਸਿੰਘ ਨੇ ਉਸ (ਜਸਵੀਰ ਸਿੰਘ) ਅਤੇ ਉਸ ਦੇ ਲੜਕੇ ਜਸਤੇਜ ਸਿੰਘ ਵਿਰੁੱਧ ਥਾਣਾ ਪਤਾਰਾ ਵਿਖੇ ਆਈ.ਪੀ.ਸੀ. ਦੀ ਧਾਰਾ 323, 324, 326, 506, 148, 149 ਤਹਿਤ ਫਰਜ਼ੀ ਐਫ.ਆਈ.ਆਰ. ਨੰਬਰ 78 ਮਿਤੀ 5-10-2022 ਦਰਜ ਕਰਵਾ ਦਿੱਤੀ।
ਸ਼ਿਕਾਇਤਕਰਤਾ ਦੇ ਪਿਤਾ ਕਰਨੈਲ ਸਿੰਘ ਨੇ ਆਪਣੇ ਪੋਤੇ ਜਸਤੇਜ ਸਿੰਘ ਵਿਰੁੱਧ ਦਰਜ ਕੀਤੇ ਗਏ ਫਰਜ਼ੀ ਕੇਸ ਵਿਰੁੱਧ ਐਸ.ਐਸ.ਪੀ. ਜਲੰਧਰ (ਦਿਹਾਤੀ) ਅਤੇ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਦੇ ਦਫ਼ਤਰ ਵਿੱਚ ਦਰਖਾਸਤ ਦਿੱਤੀ ਕਿਉਂਕਿ ਉਸਦਾ ਪੋਤਾ 27-09-2022 ਨੂੰ ਕਾਲਜ ਗਿਆ ਹੋਇਆ ਸੀ।
ਇਸ ਦਰਖਾਸਤ ‘ਤੇ ਏ.ਐਸ.ਆਈ ਰਾਮ ਪ੍ਰਕਾਸ਼ ਨੂੰ ਐਫ.ਆਈ.ਆਰ ਨੰਬਰ 78 ਮਿਤੀ 5-10-2022 ਦੀ ਤਫ਼ਤੀਸ਼ ਸੌਂਪੀ ਗਈ। ਮੁਲਜ਼ਮ ਏ.ਐਸ.ਆਈ. ਨੇ ਐਫ.ਆਈ.ਆਰ. ਵਿੱਚੋਂ ਜਸਤੇਜ ਦਾ ਨਾਮ ਕੱਢਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਪਰ ਵਾਰ-ਵਾਰ ਬੇਨਤੀ ਕਰਨ ’ਤੇ ਉਹ 30,000 ਰੁਪਏ ਲੈਣ ਲਈ ਮੰਨ ਗਿਆ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਏ.ਐਸ.ਆਈ. ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ।
ਇਸ ਸਬੰਧੀ ਮੁਲਜ਼ਮ ਏ.ਐਸ.ਆਈ. ਰਾਮ ਪ੍ਰਕਾਸ਼ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਐਫ.ਆਈ.ਆਰ ਨੰ. 17 ਮਿਤੀ 20-07-2023 ਤਹਿਤ ਕੇਸ ਦਰਜ ਕੀਤਾ ਗਿਆ ਹੈ।