SGPC ਦਾ ਆਇਆ ਵੱਡਾ ਬਿਆਨ,ਪੀਟੀਸੀ ਚੈਨਲ ‘ਤੇ ਜਾਰੀ ਰਹੇਗਾ ਗੁਰਬਾਣੀ ਪ੍ਰਸਾਰਣ

ਚੰਡੀਗੜ੍ਹ,21 ਜੁਲਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਮਾਮਲੇ ਵਿਚ ਅਹਿਮ ਫ਼ੈਸਲਾ ਲੈਂਦਿਆ ਬਦਲਵੇਂ ਪ੍ਰਬੰਧਾਂ ਤੱਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਹਦਾਇਤ ’ਤੇ ਅਮਲ ਕਰਦਿਆਂ ਪੀ.ਟੀ.ਸੀ. ਚੈਨਲ ਤੋਂ ਹੀ ਗੁਰਬਾਣੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਤੇ ਇੱਛਾ ਨੂੰ ਦੇਖਦਿਆਂ ਹੋਇਆ ਯੂ-ਟਿਊਬ ਚੈਨਲ ਦੇ ਨਾਲ ਨਾਲ PTC ਚੈਨਲ ਤੋਂ ਹੀ ਫ਼ਿਲਹਾਲ ਸੇਵਾਵਾਂ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਇਕ ਪੱਤਰ ਚੈਨਲ ਦੇ ਪ੍ਰਬੰਧਕਾਂ ਨੂੰ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪੀ.ਟੀ.ਸੀ. ਨੈੱਟਵਰਕ ਨਾਲ ਗੁਰਬਾਣੀ ਪ੍ਰਸਾਰਣ ਸੰਬੰਧੀ ਚਲ ਰਿਹਾ ਇਕਰਾਰਨਾਮਾ 23 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਸੀ। 23 ਜੁਲਾਈ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਚੈਨਲ ਤੇ ਗੁਰਬਾਣੀ ਕਰਨ ਦਾ ਐਲਾਨ ਬੀਤੇ ਦਿਨੀਂ ਕੀਤਾ ਗਿਆ ਸੀ। ਪਰ ਅੱਜ ਇਹ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਯੂਟੀਊਬ ਚੈਨਲ ਦੇ ਨਾਲ ਨਾਲ PTC ਚੈਨਲ ਤੇ ਵੀ ਗੁਰਬਾਣੀ ਪ੍ਰਸਾਰਣ ਜਾਰੀ ਰਹੇਗਾ। ਉੱਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਤੇ ਟਵੀਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁੜ ਇੱਕ ਪਰਿਵਾਰ ਨੂੰ ਲਾਭ ਦੇਣ ਲਈ ਇਹ ਫੈਸਲਾ ਕਰ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate