ਲੁਧਿਆਣਾ ਦੀ ਜਤਿੰਦਰ ਕੌਰ ਅਤੇ ਫਰੀਦਕੋਟ ਦੀ ਗੀਤਾ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤਾ ਰੱਦ: ਡਾ.ਬਲਜੀਤ ਕੌਰ
ਚੰਡੀਗੜ੍ਹ, 21 ਜੁਲਾਈ:
ਪੰਜਾਬ ਸਰਕਾਰ ਸੂਬੇ ਦੀਆਂ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸੇ ਤਹਿਤ ਗੀਤਾ ਪਤਨੀ ਸ੍ਰੀ ਧਰਮਪਾਲ ਹਾਲ ਆਬਾਦ ਆਰਾ ਮਾਰਕੀਟ, ਕੁਆਟਰ ਨੰ:33, ਨੇੜੇ ਲਾਲ ਕੋਠੀ, ਫਰੀਦਕੋਟ ਅਤੇ ਸ੍ਰੀਮਤੀ ਜਤਿੰਦਰ ਕੌਰ ਪੁੱਤਰੀ ਪਿਆਰਾ ਸਿੰਘ ਪਤਨੀ ਸ੍ਰੀ ਅਮਨਿੰਦਰ ਸਿੰਘ ਪਿੰਡ ਤੇ ਡਾਕਖਾਨਾ ਮੰਡਿਆਣੀ ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸਰਕਾਰ ਪੱਧਰ ਤੇ ਗਠਿਤ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸ੍ਰੀਮਤੀ ਸਿਮਰਜੀਤ ਕੌਰ ਪਤਨੀ ਸ੍ਰੀ ਗੁਰਮੇਲ ਸਿੰਘ ਜ਼ਿਲ੍ਹਾ ਫਰੀਦਕੋਟ ਵੱਲੋਂ ਸਮਾਜਿਕ ਨਿਆਂ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਫਰੀਦਕੋਟ ਵਾਸੀ ਗੀਤਾ ਨੇ ਜਨਰਲ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਹੈ।
ਇਸ ਤੋਂ ਇਲਾਵਾ ਸ੍ਰੀਮਤੀ ਜਤਿੰਦਰ ਕੌਰ ਪੁੱਤਰੀ ਪਿਆਰਾ ਸਿੰਘ ਪਤਨੀ ਸ੍ਰੀ ਅਮਨਿੰਦਰ ਸਿੰਘ ਪਿੰਡ ਤੇ ਡਾਕਖਾਨਾ ਮੰਡਿਆਣੀ ਜ਼ਿਲ੍ਹਾ ਲੁਧਿਆਣਾ ਨੇ ਜਨਰਲ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਸੀ। ਉਸ ਵੱਲੋਂ ਖੁਦ ਆਪਣਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਰੱਦ ਕਰਵਾਉਣ ਲਈ ਤਹਿਸੀਲ ਦਫ਼ਤਰ ਵਿਖੇ ਜਮ੍ਹਾਂ ਕਰਵਾ ਦਿੱਤਾ ਸੀ ਅਤੇ ਇਸ ਸਰਟੀਫਿਕੇਟ ਨੂੰ ਰੱਦ ਕਰਵਾਉਣ ਲਈ ਮਾਨਯੋਗ ਅਦਾਲਤ ਵਿੱਚ ਸਿਵਲ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਉਸ ਵੱਲੋਂ ਇਸ ਸਰਟੀਫਿਕੇਟ ਤੇ ਕੋਈ ਲਾਭ ਨਹੀ ਲਿਆ ਗਿਆ।
ਮੰਤਰੀ ਨੇ ਅੱਗੇ ਦੱਸਿਆ ਕਿ ਸਮਾਜਿਕ ਨਿਆਂ ਵਿਭਾਗ ਵੱਲੋਂ ਜਾਂਚ ਕਰਨ ਤੋਂ ਬਾਅਦ ਸ੍ਰੀਮਤੀ ਗੀਤਾ ਅਤੇ ਸ੍ਰੀਮਤੀ ਜਤਿੰਦਰ ਕੌਰ ਦੇ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਜਾਅਲੀ ਹੋਣ ਦੀ ਪੁਸ਼ਟੀ ਹੋਈ ਹੈ।
ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ੍ਰੀਮਤੀ ਗੀਤਾ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਨੰਬਰ 1490 ਮਿਤੀ 13-07-1992 ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ੍ਰੀਮਤੀ ਜਤਿੰਦਰ ਕੌਰ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਲੜੀ ਨੰਬਰ 3955513 ਮਿਤੀ 18.08.2017 ਨੂੰ ਰੱਦ ਕਰਨ ਅਤੇ ਜ਼ਬਤ ਕਰਨ ਲਈ ਕਿਹਾ ਹੈ।