ਵਾਤਾਵਰਨ ਦੀ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਲਗਾਏ ਜਾਣਗੇ ਲਗਭਗ 12.50 ਲੱਖ ਬੂਟੇ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਵਾਸੀ ਬਿਲਕੁਲ ਮੁਫਤ ਆਪਣੇ ਨਜ਼ਦੀਕੀ ਨਰਸਰੀਆਂ ਤੋਂ ਪ੍ਰਾਪਤ ਕਰ ਸਕਦੇ ਹਨ ਬੂਟੇ
ਫਾਜ਼ਿਲਕਾ 5 ਜੁਲਾਈ 2023
ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਸਵੱਛ ਤੇ ਹਰਿਆ ਭਰਿਆ ਵਾਤਾਵਰਨ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਛੇੜੀ ਗਈ ਹੈ। ਇਸੇ ਤਹਿਤ ਹੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਲਗਭਗ 12.50 ਲੱਖ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਜੰਗਲਾਤ ਵਿਭਾਗ ਫਾਜ਼ਿਲਕਾ ਵੱਲੋਂ ਪੂਰੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਇਹ ਬੂਟੇ ਮਗਨਰੇਗਾ ਸਕੀਮ ਤਹਿਤ ਬਿਲਕੁਲ ਮੁਫਤ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਵੀ ਇਹ ਬੂਟੇ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬੂਟੇ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ ਜਿਵੇਂ ਕਿ ਚਾਨਣਵਾਲਾ (ਫਾਜ਼ਿਲਕਾ), ਰੱਤਾ ਥੇੜ (ਜਲਾਲਾਬਾਦ) ਕਾਹਨੇਵਾਲਾ, ਚੱਕ ਅਰਾਈਂਆ ਵਾਲਾ, ਢਾਣੀ ਮਾਨ ਸਿੰਘ, ਚੱਕ ਸਰਕਾਰ, ਲਾਧੂਕਾ, ਚੱਕ ਪੱਖੀ ਅਤੇ ਸਾਹਪੁਰਾ (ਅਲਿਆਣਾ) ਤੋਂ ਬਿਲਕੁਲ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ।
ਜੰਗਲਾਤ ਵਿਭਾਗ ਦੇ ਡੀ.ਐਫ.ਓ ਅਮ੍ਰਿਤਪਾਲ ਸਿਘ ਅਤੇ ਵਣ ਰੇਂਜ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹੇ ਦੇ ਵਸਨੀਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਤੋਂ ਲੈਟਰ ਮਾਰਕ ਕਰਵਾ ਕੇ ਬੂਟੇ ਪ੍ਰਾਪਤ ਕਰ ਸਕਦੇ ਹਨ ਜੋ ਕਿ ਬਿਲਕੁਲ ਮੁਫਤ ਮਿਲਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵਣ ਰੇਂਜ ਦਫਤਰ ਫਾਜ਼ਿਲਕਾ (ਮਲੋਟ ਰੋਡ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।