15 ਜੁਲਾਈ ਨੂੰ ਜਮੀਨ ਅਧਿਗ੍ਰਹਿਨ, ਮੋਟਰ ਐਕਸੀਡੈਂਟ ਕਲੇਮ ਅਤੇ ਮੈਟਰੀਮੋਨੀਅਲ ਕੇਸਾਂ ਦੇ ਨਿਪਟਾਰੇ ਲਈ ਲੱਗੇਗੀ ਲੋਕ ਅਦਾਲਤ
—ਅਗਲੀ ਕੌਮੀ ਲੋਕ ਅਦਾਲਤ 9 ਸਤੰਬਰ ਨੂੰ, ਲੋਕਾਂ ਨੂੰ ਲਾਹਾ ਲੈਣ ਦਾ ਸੱਦਾ
—ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਬੈਠਕ
ਫਾਜਿ਼ਲਕਾ, 5 ਜੁਲਾਈ:
ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਹਿਮ ਬੈਠਕ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਜਤਿੰਦਰ ਕੌਰ ਜੀ ਦੀ ਪ੍ਰਧਾਨਗੀ ਹੇਠ ਹੋਈ।
ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ 15 ਜ਼ੁਲਾਈ 2023 ਨੂੰ ਜਮੀਨ ਅਧਿਗ੍ਰਹਿਨ, ਮੋਟਰ ਐਕਸੀਡੈਂਟ ਕਲੇਮ ਕੇਸ ਅਤੇ ਮੈਟਰੀਮੋਨੀਅਲ (ਪਤੀ ਪਤਨੀ ਦੇ ਝਗੜੇ) ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਵਿਸਿ਼ਆਂ ਨਾਲ ਸਬੰਧਤ ਜਿੰਨ੍ਹਾਂ ਲੋਕਾਂ ਦੇ ਕੇਸ ਬਕਾਇਆ ਹਨ ਅਤੇ ਜ਼ੋ ਲੋਕ ਲੋਕ ਅਦਾਲਤ ਰਾਹੀਂ ਆਪਣਾ ਫੈਸਲਾ ਕਰਵਾਉਣਾ ਚਾਹੁੰਦੇ ਹਨ ਉਹ ਜਿੱਥੇ ਉਨ੍ਹਾਂ ਦਾ ਕੇਸ ਚਲਦਾ ਹੈ ਉਥੇ ਜਾਂ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਵਿਚ ਅਰਜੀ ਦੇ ਸਕਦੇ ਹਨ।
ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਜਤਿੰਦਰ ਕੌਰ ਜੀ ਨੇ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ 9 ਸਤੰਬਰ 2023 ਨੂੰ ਅਗਲੀ ਕੌਮੀ ਲੋਕ ਅਦਾਲਤ ਵੀ ਲਗਾਈ ਜਾਵੇਗੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣ ਨੂੰ ਤਰਜੀਹ ਦੇਣ ਕਿਉਂਕਿ ਇਸ ਨਾਲ ਕਿਸੇ ਇਕ ਧਿਰ ਦੀ ਜਿੱਤ ਹਾਰ ਨਹੀਂ ਹੁੰਦੀ ਸਗੋਂ ਦੋਨੇ ਧਿਰਾਂ ਦੀ ਹੀ ਇਕ ਤਰਾਂ ਨਾਲ ਜਿੱਤ ਹੁੰਦੀ ਹੈ ਅਤੇ ਕੇਸ ਦਾ ਵੀ ਪੱਕਾ ਨਿਪਟਾਰਾ ਹੋ ਜਾਂਦਾ ਹੈ।
ਇਸ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਵੀ ਵਿਅਕਤੀ ਜਿੱਥੇ ਕੇਸ ਚਲਦਾ ਹੋਵੇ ਜਾਂ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਬੈਠਕ ਵਿਚ ਪੁਲਿਸ ਵਿਭਾਗ ਨੂੰ ਅਣਟ੍ਰੇਸਡ ਕੇਸਾਂ ਸਬੰਧੀ ਤੇਜੀ ਨਾਲ ਕਾਰਵਾਈ ਕਰਨ ਅਤੇ ਕਲੋਜਰ ਰਿਪੋਰਟ ਜਿੱਥੇ ਭਰੀ ਜਾਣੀ ਹੈ, ਉਹ ਜਲਦੀ ਭਰਨ ਦੀ ਹਦਾਇਤ ਵੀ ਕੀਤੀ ਗਈ।
ਬੈਠਕ ਵਿਚ ਮਾਨਯੋਗ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘੇ, ਚੀਫ ਜ਼ੁਡੀਸੀਅਲ ਮੈਜਿਸਟੇ੍ਰਟ ਮੈਡਮ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਵਨੀਤ ਕੌਰ, ਜ਼ਿਲ੍ਹਾ ਅਟਾਰਨੀ ਸ. ਸੁਖਪਾਲ ਸਿੰਘ ਗਿੱਲ, ਡੀਐਸਪੀ ਗੁਰਮੀਤ ਸਿੰਘ, ਡਾ. ਆਸ਼ਾ ਗੁੰਬਰ ਤੇ ਸ਼ਸੀ ਕਾਂਤ ਵੀ ਹਾਜਰ ਸਨ।