ਝੋਨੇ ਦੀ ਪਰਾਲੀ ਨੂੰ ਪਿਛਲੇ 9 ਸਾਲਾਂ ਤੋਂ ਅੱਗ ਨਾ ਲਗਾ ਕੇ ਵਾਤਾਵਰਨ ਬਚਾਉਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਜ਼ਿਲ੍ਹੇ ਦਾ ਅਗਾਂਹਵਧੂ ਕਿਸਾਨ ਹਰਮੀਤ ਸਿੰਘ

ਫਾਜ਼ਿਲਕਾ 2 ਜੁਲਾਈ 2023

                ਝੋਨੇ ਦੀ ਸਿੱਧੀ ਬਿਜਾਈ ਅਤੇ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਇਸ ਵਾਰ ਪਹਿਲਾਂ ਤੋਂ ਹੀ ਜਿੱਥੇ ਲੋਕਾਂ ਨੂੰ ਝੋਨੇ ਦੀ ਪਰਾਲੀ ਨੂੰ ਲੱਗ ਨਾ ਲਗਾਉਣ ਦੀ ਥਾਂ ਖੇਤਾਂ ਵਿੱਚ ਵਾਹੁਣ ਜਾਂ ਫਿਰ ਗੱਠਾ ਬਣਾ ਕੇ ਜਮੀਨ ਵਿੱਚੋਂ ਕੱਢਣ ਤੋਂ ਬਾਅਦ ਅਗਲੀ ਫਸਲ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।  ਉੱਥੇ ਹੀ ਜਲਾਲਾਬਾਦ ਦੇ ਪਿੰਡ ਚੱਕ ਸੋਹਣਾ ਸਾਂਦੜ ਦਾ ਇੱਕ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਆਪਣੇ ਪਿੰਡ ਵਾਸੀਆਂ ਤੇ ਜ਼ਿਲ੍ਹਾ ਵਾਸੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕਰ ਰਿਹਾ ਹੈ ਅਤੇ ਆਪਣੇ 32 ਏਕੜ ਖੇਤ ਵਿਚਲੀ ਬਾਸਮਤੀ ਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਰਿਹਾ ਹੈ। ਕਿਸਾਨ ਪਹਿਲਾ ਐਸ.ਐੱਮ.ਐੱਸ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਾਉਂਦਾਹੈ ਤੇ ਫਿਰ ਆਰ ਐੱਮ ਬੀ ਪਲੋ ਨਾਲ ਜਮੀਨ ਵਾਹ ਦਿੰਦਾ ਹੈ। ਇਸ ਤੋਂ ਬਾਆਦ ਉਹ ਤਵੀਆ ਨਾਲ ਜ਼ਮੀਨ ਤਿਆਰ ਕਰਦਾ ਹੈ ਤੇ ਸੁਪਰ ਸੀਡਰ ਨਾਲ ਆਪਣੀ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।

        ਅਗਾਂਹਵਧੂ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ 9 ਸਾਲਾਂ ਤੋਂ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਹ ਆਪਣੀ ਕਣਕ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਂਦਾ। ਉਹ ਆਪਣੀ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਤੂੜੀ ਬਣਾ ਕੇ ਬਾਕੀ ਬਚੀ ਆਪਣੇ ਖੇਤਾਂ ਵਿੱਚ ਵਾਹ ਦਿੰਦਾ ਹੈ ਇਸੇ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ ਜਿਸ ਨਾਲ ਉਸਦੀ ਫਸਲ ਦਾ ਝਾੜ ਵੀ 2 ਕੁਇੰਟਲ ਵੱਧ ਜਾਂਦਾ ਹੈ ਅਤੇ ਖਾਦਾਂ ਦਾ ਖਰਚਾ ਵੀ ਘੱਟਦਾ ਹੈ। ਕਿਸਾਨ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਇਸ ਤੋਂ ਪੈਦਾ ਹੋਏ ਧੂੰਏ ਨਾਲ ਨਾ ਸਿਰਫ ਵਾਤਾਵਰਨ ਹੀ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਅਨੇਕਾਂ ਸੜਕੀ ਦੁਰਘਟਨਾਵਾਂ ਵੀ ਪੈਦਾ ਹੁੰਦੀਆਂ ਹਨ। ਸਾਨੂੰ ਸਾਰਿਆਂ ਨੂੰ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਆਪਣੇ ਖੇਤਾਂ ਵਿੱਚ ਵਾਹੁਣੀ ਚਾਹੀਦੀ ਹੈ ਜਾਂ ਫਿਰ ਗੱਠਾ ਬਣਾ ਕੇ ਖੇਤਾਂ ਵਿੱਚੋਂ ਬਾਹਰ ਕੱਢ ਕੇ ਜ਼ਮੀਨ ਵਾਹੁਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਜਮੀਨ ਵਿਚਲੇ ਮਿੱਤਰ ਕੀੜੇ ਵੀ ਨਸਟ ਨਹੀਂ ਹੋਣਗੇ ਅਤੇ ਸਾਡੀ ਅਗਲੀ ਫਸਲ ਦਾ ਝਾੜ ਵੀ ਵਧੇਗਾ।

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਨਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਨਾੜ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਜਿੱਥੇ ਮਿੱਤਰ ਕੀੜੇ ਫਸਲ ਲਈ ਸਹਾਈ ਹੋਣਗੇ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਜੰਗੀਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਆਪਣੇ ਝੋਨੇ ਦੀ ਕਟਾਈ ਤੋਂ ਕਰਨ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਤ ਹੁੰਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਤੀ ਟਨ ਪਰਾਲੀ ਪਿਛੇ ਮਿਟੀ ਵਿਚ ਨਾਈਟਰੋਜਨ ਸਾਢੇ 5 ਕਿਲੋ, ਫਾਸਫੋਰਸ 2.3 ਕਿਲੋ, ਜੈਵਿਕ ਅਰਬਨ 400 ਕਿਲੋ ਅਤੇ ਸਲਫਰ 1.2 ਅਤੇ 50 ਤੋਂ 70 ਫੀਸਦੀ ਖੁਰਾਕੀ ਤੱਤ ਖਰਾਬ ਹੋ ਜਾਂਦੇ ਹਨ। ਇਸ ਦੇ ਨਾਲ-ਨਾਲ 70 ਫੀਸਦੀ ਕਾਰਬਨਆਕਸਾਈਡ, 7 ਫੀਸਦੀ ਕਾਰਬਨ ਮੋਨੋ ਆਕਸਾਈਡ, ਸਲਫਰ ਆਕਸਾਈਡ, 2.09 ਫੀਸਦੀ ਨਾਈਟਰੀਕ ਆਕਸਾਈਡ ਅਤੇ 0.66 ਮੈਥੀਲੀਨ ਆਦਿ ਜਹਿਰੀਲੀਆਂ ਗੈਸਾ ਪੈਦਾ ਹੰਦੀਆਂ ਹਨ, ਜੋ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਜਿਸ ਨਾਲ ਮਨੁੱਖਾਂ ਅਤੇ ਜੀਵ ਜੰਤੂਆਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate