ਮੁੱਖ ਮੰਤਰੀ ਵੱਲੋਂ ਟਰਾਂਸਪੋਰਟਰਾਂ ਨੂੰ ਟੈਕਸ ਭਰਨ ਲਈ ਛੋਟ ਪ੍ਰਤੀ ਮਹੀਨਾ ਚਾਰ ਦਿਨ ਤੋਂ ਵਧਾ ਕੇ ਛੇ ਦਿਨ ਤੱਕ ਕਰਨ ਦਾ ਐਲਾਨ



ਸੂਬੇ ਭਰ ਦੇ ਟਰਾਂਸਪੋਰਟਰਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਕੀਤਾ ਫੈਸਲਾ


ਸਮਾਜ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਦੀ ਵਚਨਬੱਧਤਾ ਦੁਹਰਾਈ


ਚੰਡੀਗੜ੍ਹ, 30 ਜੂਨ

ਟਰਾਂਸਪੋਰਟਰਾਂ ਨੂੰ ਰਾਹਤ ਦੇਣ ਦੇ ਮੰਤਵ ਨਾਲ ਇਕ ਇਤਿਹਾਸਕ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਟਰਾਂਸਪੋਰਟਰਾਂ ਨੂੰ ਟੈਕਸ ਭਰਨ ਲਈ ਛੋਟ ਮੌਜੂਦਾ ਚਾਰ ਦਿਨਾਂ ਤੋਂ ਵਧਾ ਕੇ ਛੇ ਦਿਨ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਖੇ ਟਰਾਂਸਪੋਰਟ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।

ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟਰਾਂ ਨੂੰ ਸਿਰਫ਼ ਚਾਰ ਦਿਨ ਦਾ ਸਮਾਂ ਮਿਲਣ ਕਾਰਨ ਟੈਕਸ ਭਰਨ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਹੁਣ ਟੈਕਸ ਭਰਨ ਦੀ ਛੋਟ ਮੌਜੂਦਾ ਚਾਰ ਦਿਨਾਂ ਤੋਂ ਵਧਾ ਕੇ ਛੇ ਦਿਨ ਕਰਨ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਸ ਨਾਲ ਸੂਬੇ ਦੇ ਟਰਾਂਸਪੋਰਟਰਾਂ ਨੂੰ ਲੋੜੀਂਦੀ ਰਾਹਤ ਮਿਲੇਗੀ ਅਤੇ ਇਸ ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਟੇਜ ਕੈਰੇਜ਼ ਅਪਰੇਟਰਾਂ ਦੀ ਇਹ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਕਿਉਂਕਿ ਉਹ ਟੈਕਸ ਛੋਟ ਦੇ ਦਿਨਾਂ ਦੀ ਗਿਣਤੀ ਮੌਜੂਦਾ ਚਾਰ ਦਿਨ ਪ੍ਰਤੀ ਮਹੀਨਾ ਤੋਂ ਵਧਾ ਕੇ ਛੇ ਦਿਨ ਪ੍ਰਤੀ ਮਹੀਨਾ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇੱਛਾ ਅਨੁਸਾਰ ਕੰਮ ਕਰਨ ਵਾਲੀ ਸੂਬਾ ਸਰਕਾਰ ਨੇ ਟਰਾਂਸਪੋਰਟਰਾਂ ਦੀ ਇਹ ਮੰਗ ਮੰਨ ਲਈ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੋਂ ਟੈਕਸ ਛੋਟ ਵਾਲੇ ਦਿਨਾਂ ਦੀ ਗਿਣਤੀ ਛੇ ਦਿਨ ਪ੍ਰਤੀ ਮਹੀਨਾ ਹੋਵੇਗੀ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਛੋਟ ਦਾ ਖ਼ਰਚਾ ਸਰਕਾਰ ਵੱਲੋਂ ਉਠਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਬੇ ਭਰ ਦੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ, ਜੋ ਸਮਾਜ ਦੇ ਹਰ ਵਰਗ ਦੇ ਹਿੱਤਾਂ ਦਾ ਧਿਆਨ ਰੱਖਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਸਰਕਾਰ ਦੇ ਹਰ ਕਦਮ ਦਾ ਲਾਭ ਮਿਲ ਸਕੇ।

CATEGORIES
TAGS
Share This

COMMENTS

Wordpress (0)
Disqus (0 )
Translate