ਪੰਜਾਬ ਸਰਕਾਰ ਹਰ ਸਾਲ ਕਰਿਆ ਕਰੇਗੀ ਡਾਕਟਰਾਂ ਦੀ ਭਰਤੀ—ਡਾ: ਬਲਬੀਰ ਸਿੰਘ
—ਸਿਹਤ ਮੰਤਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਜਿ਼ਲ੍ਹਾ ਹਸਪਤਾਲ ਦਾ ਦੌਰਾ
—ਆਯੁਰਵੈਦਿਕ ਯੂਨੀਵਰਸਿਟੀ ਨੂੰ ਜਲਦ ਮਿਲੇਗਾ ਵੀਸੀ
—ਸ੍ਰੀ ਮੁਕਤਸਰ ਸਾਹਿਬ ਵਿਖੇ 8.28 ਕਰੋੜ ਨਾਲ ਪੰਜਾਬ ਸਰਕਾਰ ਬਣਾ ਰਹੀ ਹੈ ਜੱਚਾ ਬੱਚਾ ਹਸਪਤਾਲ
ਸ੍ਰੀ ਮੁਕਤਸਰ ਸਾਹਿਬ, 28 ਜੂਨ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿਹਤ ਇਕ ਤਰਜੀਹੀ ਖੇਤਰ ਹੈ ਇਸ ਲਈ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਮਾਹਿਰ ਡਾਕਟਰਾਂ ਦੀ ਹਰ ਸਾਲ ਭਰਤੀ ਕੀਤੀ ਜਾਇਆ ਕਰੇਗੀ ਤਾਂ ਜੋ ਸਰਕਾਰੀ ਹਸਪਤਾਲ ਬਿਹਤਰ ਤਰੀਕੇ ਨਾਲ ਲੋਕਾਂ ਨੂੰ ਸਿਹਤ ਸਹੁਲਤਾਂ ਮੁਹਈਆ ਕਰਵਾ ਸਕਨ।
ਇਹ ਗੱਲ ਬੁੱਧਵਾਰ ਨੂੰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਇੱਥੋਂ ਦੇ ਜਿ਼ਲ੍ਹਾ ਹਸਪਤਾਲ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਰਾਜ ਦੇ ਹਸਪਤਾਲਾਂ ਵਿਚ ਉਪਲਬੱਧ ਸਹੁਲਤਾਂ ਦੇ ਜਾਇਜ਼ੇ ਲਈ ਆਰੰਭੀ ਆਪਣੀ ਰਾਜ ਵਿਆਪੀ ਮੁਹਿੰਮ ਦੇ ਹਿੱਸੇ ਵਜੋਂ ਇੱਥੇ ਪੁੱਜੇ ਸਨ।ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਵੀ ਹਾਜਰ ਸਨ।
ਸਿਹਤ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ 550 ਹਾਉਸ ਸਰਜਨ ਡਾਕਟਰਾਂ ਦੀ ਭਰਤੀ ਕਰ ਲਈ ਗਈ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਇਹ ਜਿ਼ਲਿ੍ਹਆਂ ਵਿਚ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ 2000 ਹੋਰ ਪੈਰਾਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਵੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਵੇਂ ਹਰ ਸਾਲ ਕੁਝ ਡਾਕਟਰਾਂ ਦੀ ਸੇਵਾ ਮੁਕਤੀ ਹੁੰਦੀ ਹੈ ਜਾਂ ਕੁਝ ਉਚੇਰੀ ਪੜਾਈ ਲਈ ਚਲੇ ਜਾਂਦੇ ਹਨ ਤਾਂ ਇਸ ਲਈ ਹਰ ਸਾਲ ਨਾਲੋਂ ਨਾਲ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾਇਆ ਕਰੇਗੀ ਤਾਂ ਜੋ ਲੋਕ ਨੂੰ ਮਿਆਰੀ ਸਿਹਤ ਸਹੁਲਤਾਂ ਮਿਲਦੀਆਂ ਰਹਿ ਸਕਨ।
ਡਾ: ਬਲਬੀਰ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਅਧੀਨ ਆਉਂਦੇ ਆਯੂਸ ਵਿਭਾਗ ਨੂੰ ਵੀ ਹੋਰ ਮਜਬੂਤ ਕੀਤਾ ਜਾਵੇਗਾ ਅਤੇ ਇਸੇ ਲੜੀ ਤਹਿਤ ਰਾਜ ਸਰਕਾਰ ਸੀ ਐਮ ਦੀ ਯੋਗਸ਼ਾਲਾ ਪ੍ਰੋਗਰਾਮ ਵੀ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਭਗਤ ਰਵੀਦਾਸ ਆਯੁਰਵੈਦਿਕ ਯੁਨੀਵਰਸਿਟੀ ਹੁਸਿ਼ਆਰਪੁਰ ਵਿਚ ਵੀਸੀ ਅਤੇ ਰਜਿਸਟਰਾਰ ਦੀ ਨਿਯੁਕਤੀ ਕਰਨ ਦੇ ਨਾਲ ਨਾਲ ਇਸ ਯੁਨੀਵਰਸਿਟੀ ਲਈ ਨਵਾਂ ਸਟਾਫ ਭਰਤੀ ਕੀਤਾ ਜਾਵੇਗਾ ਤਾਂ ਜ਼ੋ ਰਾਜ ਵਿਚ ਭਾਰਤੀ ਇਲਾਜ ਪ੍ਰਣਾਲੀਆਂ ਰਾਹੀਂ ਇਲਾਜ ਸਹੁਲਤਾਂ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।
ਸਿਹਤ ਮੰਤਰੀ ਨੇ ਆਪਣੇ ਦੌਰੇ ਦੇ ਮੰਤਵ ਦਾ ਜਿਕਰ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਪਲਬੱਧ ਸੰਸਧਾਨਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤਾਂ ਜ਼ੋ ਇੰਨ੍ਹਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੁਲਤਾਂ ਮੁਹਈਆ ਕਰਵਾਈਆਂ ਜਾ ਸਕਨ। ਉਨ੍ਹਾਂ ਨੇ ਕਿਹਾ ਕਿ ਪ੍ਰਾਈਮਰੀ ਪੱਧਰ ਦੀਆਂ ਸਿਹਤ ਸਹੁਲਤਾਂ ਦੀ ਮਜਬੂਤੀ ਲਈ ਰਾਜ ਸਰਕਾਰ ਨੇ 580 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ ਜਿੱਥੋਂ ਹੁਣ ਤੱਕ 31 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਚੁੱਕੇ ਹਨ ਅਤੇ ਇੰਨ੍ਹਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਹੀ ਇਲਾਜ ਸਹੁਲਤ ਮਿਲ ਰਹੀ ਹੈ। ਇਸ ਤੋਂ ਇਲਾਵਾ ਸੈਕੰਡਰੀ ਪੱਧਰ ਦੀਆਂ ਸਿਹਤ ਸੰਸਥਾਵਾਂ ਜਿਸ ਵਿਚ ਜਿ਼ਲ੍ਹਾ ਅਤੇ ਸਬ ਡਵੀਜਨ ਪੱਧਰ ਦੇ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਆਉਂਦੇ ਹਨ ਦੀਆਂ ਸੇਵਾਵਾਂ ਨੂੰ ਬਿਹਤਰ ਕਰਨ ਲਈ ਉਹ ਰਾਜ ਦੇ ਵੱਖ ਵੱਖ ਜਿ਼ਲਿ੍ਹਆਂ ਦਾ ਦੌਰਾ ਕਰਕੇ ਸਥਾਨਕ ਪੱਧਰ ਦੀਆਂ ਕਮੀਆਂ ਅਤੇ ਉਪਲਬੱਧ ਸੰਸਧਾਨਾਂ ਦਾ ਅਧਿਐਨ ਕਰ ਰਹੇ ਹਨ ਤਾਂ ਜ਼ੋ ਇੰਨ੍ਹਾਂ ਨੂੰ ਸਰਕਾਰ ਦੇ ਪੱਧਰ ਤੇ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਉਨ੍ਹਾਂ ਨੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਵਿਚ ਜਾ ਕੇ ਇਲਾਜ ਕਰਵਾ ਰਹੇ ਮਰੀਜਾਂ ਦਾ ਹਾਲ ਚਾਲ ਜਾਣਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਵਿਭਾਗ ਦੇ ਵੱਖ ਵੱਖ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਜਾਣਿਆ।
ਇਸ ਮੌਕੇ ਉਨ੍ਹਾਂ ਨੇ ਸਿਵਲ ਹਸਪਤਾਲ ਕੈਂਪਸ ਵਿਚ ਹੀ ਬਣ ਰਹੇ 30 ਬਿਸਤਰਿਆਂ ਦੇ ਜੱਚਾ ਬੱਚਾ ਹਸਪਤਾਲ ਦੀ ਇਮਾਰਤ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਿਰਮਾਣ ਤੇ ਸਰਕਾਰ ਵੱਲੋਂ 8.28 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਦਾ ਕੁੱਲ ਕਵਰਡ ਏਰੀਆ 47734 ਵਰਗ ਫੁੱਟ ਹੈ ਅਤੇ ਇਹ ਜਲਦ ਬਣ ਕੇ ਤਿਆਰ ਹੋ ਜਾਵੇਗਾ।ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮਡੀ ਸ੍ਰੀ ਪ੍ਰਦੀਪ ਅੱਗਰਵਾਲ ਵੀ ਹਾਜਰ ਸਨ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਸ੍ਰੀ ਮੁਕਤਸਰ ਸਾਹਿਬ ਦੇ ਐਮਐਲਏ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ, ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ, ਐਸਐਸਪੀ ਸ੍ਰੀ ਹਰਮਨਬੀਰ ਸਿੰਘ ਗਿੱਲ, ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਮਨਜਿੰਦਰ ਸਿੰਘ ਉੜਾਂਗ, ਸ੍ਰੀ ਸੁਰਜੀਤ ਸਿੰਘ ਸੰਧੂ ਚੇਅਰਮੈਨ ਮਾਰਕਿਟ ਕਮੇਟੀ, ਜਗਮੀਤ ਸਿੰਘ ਜੱਗਾ, ਕੁਲਵਿੰਦਰ ਸਿੰਘ ਕੰਡਾ, ਰਾਜੀਵ ਮਿੱਤਲ, ਸ੍ਰੀ ਜਗਦੇਵ ਸਿੰਘ ਬਾਮ, ਡਾ: ਵੰਦਨਾ ਬਾਂਸਲ ਡੀਐਮਸੀ, ਡਾ: ਪ੍ਰਭਜੋਤ ਕੌਰ ਐਸਐਮਓ ਆਦਿ ਵੀ ਹਾਜਰ ਸਨ।