ਅੰਤਰ-ਰਾਸ਼ਟਰੀ ਬਾਰਡਰ ਏਰੀਆ ਦੇ ਨਾਲ ਲੱਗਦੇ 4 ਕਿਲੋਮੀਟਰ ਦੇ ਏਰੀਏ ਵਿੱਚ ਕਵਾਡਕਾਪਟਰ (ਡਰੋਨ ਕੈਮਰੇ) ਦੀ ਵਰਤੋਂ ਤੇ ਪਾਬੰਦੀ
ਫਾਜ਼ਿਲਕਾ, 22 ਜੂਨ
ਜ਼ਿਲਾ ਮੈਜਿਸਟਰੇਟ ਡਾ ਸੇਨੂੰ ਦੁੱਗਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫਾਜ਼ਿਲਕਾ ਵਿੱਚ ਪੈਂਦੇ ਅੰਤਰ-ਰਾਸ਼ਟਰੀ ਬਾਰਡਰ ਏਰੀਆ ਦੇ ਨਾਲ ਲੱਗਦੇ 4 ਕਿਲੋਮੀਟਰ ਦੇ ਏਰੀਏ ਵਿੱਚ ਕਵਾਡਕਾਪਟਰ (ਡਰੋਨ ਕੈਮਰੇ) ਆਦਿ ਉਡਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਜੁਲਾਈ 2023 ਤੱਕ ਲਾਗੂ ਰਹਿਣਗੇ।
ਜ਼ਿਲਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿੱਚ ਕਿਹਾ ਕਿ ਫਾਜਿਲਕਾ ਦੀ ਹਦੂਦ ਅੰਦਰ ਮਿਲਟਰੀ ਸਟੇਸ਼ਨ, ਬੀ.ਐਸ.ਐਫ ਦੇ ਆਸ-ਪਾਸ ਵਿਆਹ ਸ਼ਾਦੀ/ ਹੋਰ ਸਮਾਗਮਾਂ ਦੌਰਾਨ ਕਵਾਡਕਾਪਟਰ (ਡਰੋਨ ਕੈਮਰੇ) ਦੀ ਵਰਤੋਂ ਕੀਤੀ ਜਾਂਦੀ ਹੈ।ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋਣ ਦਾ ਖਦਸ਼ਾ ਰਹਿੰਦਾ ਹੈ।
ਜ਼ਿਲਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਹੈ ਕਿ ਡਰੋਨ ਕੈਮਰੇ ਉਡਾਉਣਾ ‘‘ਆਪਰੇਸ਼ਨ ਆਫ ਸਿਵਲ ਰੀਮੋਟੀਲੀ ਪਾਇਲਟਿਡ ਏਅਰ ਕਰਾਫਟ’’ ਬਾਰੇ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਦੀ ਨੀਤੀ ਦੀ ਵੀ ਉਲੰਘਨਾ ਹੈ। ਇਸ ਲਈ ਉਕਤ ਹਾਲਾਤ ਨੂੰ ਮੁੱਖ ਰੱਖਦਿਆਂ ਅਤੇ ਜ਼ਿਲਾ ਫਾਜ਼ਿਲਕਾ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਕਾਇਮ ਰੱਖਣਾ ਯਕੀਨੀ ਬਣਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।