ਵਿਧਾਨ ਸਭਾ ਦੇ ਸਪੀਕਰ ਸੰਧਵਾ ਨੇ ਸਮਾਣਾ ਮੋਰਚੇ ਦੀ ਸੰਗਤ ਨੂੰ ਸੌਂਪੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਦੀ ਕਾਪੀ
-ਸੰਗਤ ਤੇ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਭਗਵੰਤ ਮਾਨ ਸਰਕਾਰ ਨੇ ਬੇਅਦਬੀ ਰੋਕੂ ਸਖ਼ਤ ਕਾਨੂੰਨ ਬਣਾਉਣ ਲਈ ਵਿਧਾਨ ਸਭਾ ‘ਚ ਇਤਿਹਾਸਕ ਬਿੱਲ ਪਾਸ ਕੀਤਾ- ਸੰਧਵਾਂ
-ਸਪੀਕਰ ਸੰਧਵਾਂ ਵੱਲੋਂ ਵਡੇਰੇ ਜਨਤਕ ਹਿਤਾਂ ਲਈ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਰਨ ਦੀ ਅਪੀਲ
-ਮੋਰਚੇ ਨੇ ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕਰਨ ਨੂੰ ਸ਼ਲਾਘਾਯੋਗ ਤੇ ਸਵਾਗਤਯੋਗ ਕਦਮ ਦੱਸਿਆ
ਸਮਾਣਾ, 14 ਅਪ੍ਰੈਲ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਹਿਲੋਂ ਕੀਤੇ ਆਪਣੇ ਵਾਅਦੇ ਮੁਤਾਬਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਦੀ ਕਾਪੀ ਅੱਜ ਸਮਾਣਾ ਵਿਖੇ ਟਾਵਰ ਮੋਰਚੇ ਦੀ ਸੰਗਤ ਨੂੰ ਸੌਂਪੀ। ਇਸ ਦੌਰਾਨ ਮੋਰਚੇ ਦੇ ਮੰਚ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕਰਨ ਨੂੰ ਸ਼ਲਾਘਾਯੋਗ ਤੇ ਸਵਾਗਤਯੋਗ ਕਦਮ ਦੱਸਿਆ ਗਿਆ। ਸਪੀਕਰ ਨੇ ਕਿਹਾ ਕਿ ਵਾਅਦੇ ਪੂਰੇ ਕਰਨੇ ਵੀ ਗੁਰੂ ਦੀ ਕਿਰਪਾ ਬਿਨਾ ਨਹੀਂ ਹੁੰਦੇ ਅਤੇ ਉਨ੍ਹਾਂ ਨੇ ਜੋ ਵਾਅਦਾ ਕੀਤਾ ਸੀ ਅਤੇ ਉਸੇ ਮੁਤਾਬਕ ਉਹ ਇਸ ਬਿੱਲ ਦੀ ਕਾਪੀ ਅੱਜ ਭਾਈ ਗੁਰਜੀਤ ਸਿੰਘ ਖ਼ਾਲਸਾ ਤੇ ਸੰਗਤ ਨੂੰ ਸੌਂਪਣ ਲਈ ਆਏ ਹਨ। ਉਨ੍ਹਾਂ ਅਪੀਲ ਕੀਤੀ ਕਿ ਵਡੇਰੇ ਹਿਤਾਂ ਲਈ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਹੁਣ ਟਾਵਰ ਤੋਂ ਹੇਠਾਂ ਆ ਜਾਣਾ ਚਾਹੀਦਾ ਹੈ।
ਸਪੀਕਰ ਸੰਧਵਾਂ ਨੇ ਇਸ ਬਿੱਲ ਦਾ ਸਿਹਰਾ ਸੰਗਤ ਨੂੰ ਦਿੰਦਿਆਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਚਨ ਕੀਤਾ ਸੀ, ਉਹ ਇਹ ਇਤਿਹਾਸਕ ਬਿੱਲ ਪਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਨੂੰ ਕਾਨੂੰਨੀ ਰੂਪ ਦਿਵਾਉਣ ਲਈ ਰਾਜਪਾਲ ਤੋਂ ਮਨਜ਼ੂਰੀ ਮਿਲਣ ਤੱਕ ਅਸੀਂ ਟਿਕ ਕੇ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਇਹ ਉਮੀਦ ਨਹੀਂ ਹੈ ਕਿ ਗਵਰਨਰ ਇਸ ਨੂੰ ਪਾਸ ਨਹੀਂ ਕਰਨਗੇ, ਕਿਉਂਕਿ ਇਹ ਰਾਜ ਦਾ ਬਿੱਲ ਹੈ ਅਤੇ ਸਰਕਾਰ ਵੱਲੋਂ ਇਸ ਕਾਨੂੰਨ ‘ਚ ਹੁਣ ਕੋਈ ਗਲਤੀ ਨਹੀਂ ਛੱਡੀ ਗਈ ਅਤੇ ਇਹ ਸੰਗਤ ਦੀ ਉਮੀਦ ਤੋਂ ਵੀ ਜ਼ਿਆਦਾ ਸਖ਼ਤ ਕਾਨੂੰਨ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਮੋਰਚੇ ਦੀ ਸੰਗਤ ਵੱਲੋਂ ਉਠਾਏ ਸ਼ੰਕਿਆਂ ਤੇ ਸਵਾਲਾਂ ਦੇ ਪੁਖ਼ਤਾ ਜਵਾਬ ਦਿੰਦਿਆਂ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਨੂੰ ਕਿਹਾ ਸੀ ਕਿ ਉਹ ਗਵਰਨਰ ਤੋਂ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਸਭ ਨਾਲ ਰਲਕੇ ਜਾਣ ਨੂੰ ਤਿਆਰ ਹਨ, ਇਸੇ ਤਹਿਤ ਸਰਕਾਰੀ ਪੱਧਰ ਉੱਤੇ ਕੋਈ ਦੇਰੀ ਨਹੀਂ ਹੋਵੇਗੀ।
ਸਪੀਕਰ ਸੰਧਵਾਂ ਨੇ ਸਮੁੱਚੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਇਸ ਬਿੱਲ ਦੇ ਪਾਸ ਹੋਣ ਲਈ ਗੁਰੂ ਦਾ ਸ਼ੁਕਰਾਨਾ ਕਰਨ ਲਈ ਸਮਾਣਾ ਵਿਖੇ ਸੰਗਤ ਕੋਲ ਆਏ ਹਨ, ਕਿਉਂਕਿ ਸੰਗਤ ਵੱਲੋਂ ਮਿਲੇ ਸਹਿਯੋਗ ਤੇ ਅਸ਼ੀਰਵਾਦ ਸਦਕਾ ਹੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਯੋਗ ਹੋਈ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਾਵਰ ਉਤੇ ਬੈਠੇ ਭਾਈ ਗੁਰਜੀਤ ਸਿੰਘ ਖ਼ਾਲਸਾ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਅਰਦਾਸ ਕੀਤੀ ਤੇ ਕਿਹਾ ਕਿ ਉਸ ਦੀ ਤਰਾਂ ਸਾਨੂੰ ਸਭ ਨੂੰ ਆਪਣੇ ਗੁਰੂ ਨੂੰ ਪਿਆਰ ਕਰਨਾ ਆ ਜਾਵੇ। ਸਪੀਕਰ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਲਿਆਂਦੇ ਗਏ ਅਜਿਹੇ ਕਾਨੂੰਨਾਂ ਵਿੱਚ ਰਾਜਨੀਤਕ ਗਲਤੀਆਂ ਰਹੀਆਂ ਹਨ ਪ੍ਰੰਤੂ ਜਿਹੜਾ ਬੇਅਦਬੀ ਰੋਕੂ ਕਾਨੂੰਨ ਹੁਣ ਬਣ ਰਿਹਾ ਹੈ ਇਸ ਵਿੱਚ ਕੋਈ ਗਲਤੀ ਨਹੀਂ ਛੱਡੀ ਗਈ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਨੂੰਨ ਸਨ ਪਰ ਹੁਣ ਸਭ ਦੀ ਸੋਚ ਤੋਂ ਵੀ ਵੱਧ ਸਖ਼ਤ ਕਾਨੂੰਨ ਬਣ ਰਿਹਾ ਹੈ, ਇਸ ਲਈ ਇਸ ਕੰਮ ਨੂੰ ਰਾਜਨੀਤਕ ਕੌਮੇ-ਬਿੰਦੀਆਂ ਚ ਨਾ ਪਾਇਆ ਜਾਵੇ।
ਕਾਨੂੰਨ ਬਾਰੇ ਬੋਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਐਕਟ ਇਹ ਯਕੀਨੀ ਬਣਾਏਗਾ ਕਿ ਜੋ ਵੀ ਬੇਅਦਬੀ ਦੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਹੈ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਸਜ਼ਾ ਨੂੰ ਯਾਦ ਰੱਖਣਗੀਆਂ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇਸ ਲਈ ਬਣਾਉਣਾ ਜ਼ਰੂਰੀ ਸੀ ਤਾਂ ਜੋ ਫਿਰਕੂ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਬੇਅਦਬੀ ਦੀਆਂ ਨਾਪਾਕ ਕੋਸ਼ਿਸ਼ਾਂ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ।
ਇਸ ਦੌਰਾਨ ਮੰਚ ਤੋਂ ਮੋਰਚੇ ਦੇ ਆਗੂਆਂ ਨੇ ਸੰਗਤ ਤੇ ਭਾਈ ਗੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੇ ਸਪੀਕਰ ਸੰਧਵਾਂ ਦਾ ਧੰਨਵਾਦ ਕੀਤਾ। ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ 13 ਅਪ੍ਰੈਲ ਦਾ ਦਿਨ ਖਾਸ ਹੈ ਅਤੇ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਸਮਾਣਾ ਟਾਵਰ ਮੋਰਚੇ ਦੀ ਭੂਮਿਕਾ ਅਹਿਮ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਸਮੇਤ ਪ੍ਰਸ਼ਾਸਨ ਵੱਲੋਂ ਜਾਣੇ ਅਣਜਾਣੇ ‘ਚ ਹੋਈਆਂ ਗਲਤੀਆਂ ਦੀ ਉਹ ਮੁਆਫੀ ਮੰਗਦੇ ਹਨ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਐਸ ਪੀ ਗੁਰਬੰਸ ਸਿੰਘ ਬੈਂਸ, ਐਸ ਡੀ ਐਮ ਰਿਚਾ ਗੋਇਲ, ਡੀਐਸਪੀ ਫ਼ਤਿਹ ਸਿੰਘ ਬਰਾੜ, ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਅਤੇ ਵੱਡੀ ਗਿਣਤੀ ਸੰਗਤ ਮੌਜੂਦ ਸੀ।
ਫੋਟੋ ਕੈਪਸ਼ਨ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਮਾਣਾ ਵਿਖੇ ਟਾਵਰ ਮੋਰਚੇ ਦੀ ਸੰਗਤ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਦੀ ਕਾਪੀ ਸੌਂਪਦੇ ਹੋਏ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਕੁਲਵੰਤ ਸਿੰਘ ਬਾਜ਼ੀਗਰ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ।



