ਬੀ ਟੀ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਲਈ ਸਲਾਹ

ਫਾਜ਼ਿਲਕਾ 17 ਜੂਨ

ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਜੰਗੀਰ ਸਿੰਘ ਨੇ ਦੱਸਿਆ ਕਿ ਬੀ ਟੀ ਨਰਮੇ ਦੇ ਅਗੇਤੀ ਬੀਜੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਡਰ ਪਾਇਆ ਜਾ ਰਿਹਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਹਰ ਹਫਤੇ ਸਰਵੇਖਣ ਕਰਦੇ ਰਹੋ।

ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਮਿੱਲ੍ਹਾਂ ਦੇ ਆਲੇ ਦੁਆਲੇ ਅਤੇ ਨਰਮੇ ਦੇ ਖੇਤਾਂ ਵਿੱਚ ਲਗਾਈ ਜਾਵੇ । ਟਰੈਪ ਫ਼ਸਲ ਤੋਂ 15 ਸੈਂਟੀਮੀਟਰ ਉੱਚਾ ਰੱਖੋ। ਲਿਓਰ ਨੂੰ 15 ਦਿਨਾਂ ਬਾਅਦ ਬਦਲਿਆ ਜਾਵੇ ਅਤੇ ਇੱਕ ਟ੍ਰੈਪ ਪ੍ਰਤੀ ਏਕੜ ਵਰਤੀ ਜਾਵੇ । ਨਰਮੇ ਦੇ ਜਿਨ੍ਹਾਂ ਖੇਤਾਂ ਵਿੱਚ ਫੁੱਲ ਡੋਡੀ ਲੱਗਣੀ ਸ਼ੁਰੂ ਹੋ ਗਈ ਹੈ ਤਾਂ ਹਫਤੇ ਦੇ ਵਕਫੇ ਤੇ ਭੰਬੀਰੀ ਬਣੇ ਫੁੱਲਾਂ (ਗੁਲਾਬਨੁਮਾ ਫੁੱਲ) ਅਤੇ ਹਰੇ ਟਿੰਡਿਆਂ ਦਾ ਸਰਵੇਖਣ ਕੀਤਾ ਜਾਵੇ । ਇਸ ਵਾਸਤੇ ਖੇਤ ਵਿੱਚੋਂ ਅਲੱਗ ਅਲੱਗ ਜਗ੍ਹਾ ਤੋਂ 100 ਫੁੱਲਾ ਦੀ ਜਾਂਚ ਕਰੋ ਇਨ੍ਹਾਂ ਵਿੱਚੋਂ ਗੁਲਾਬਨੁਮਾ ਫੁੱਲ ਅਤੇ ਸੁੰਡੀ ਦੁਆਰਾ ਨੁਕਸਾਨ ਕੀਤੇ ਗਏ 5 ਫੁੱਲ ਮਿਲਦੇ ਹਨ ਤਾਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਛਿੜਕਾਅ ਕਰੋ।

ਇਸ ਤੋਂ ਇਲਾਵਾ ਹਮਲੇ ਵਾਲੇ ਭੰਬੀਰੀ ਫੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦਿਓ। ਹਰੇ ਟਿੰਡਿਆਂ ਉੱਪਰ ਸੁੰਡੀ ਦੇ ਸਰਵੇਖਣ ਲਈ ਖੇਤ ਵਿੱਚੋਂ ਅਲੱਗ ਅਲੱਗ ਪੌਦਿਆਂ ਵਿੱਚੋਂ 26 ਹਰੇ ਟੀਂਡੇ ਤੋੜ ਕੇ ਟੀਂਡੇ ਵਿੱਚ ਵੜੀ ਗੁਲਾਬੀ ਸੁੰਡੀ ਨੂੰ ਗਿਣੋ, ਜੇਕਰ ਇਸ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਸੁੰਡੀਆਂ ਮਿਲਦੀਆਂ ਹਨ ਤਾਂ ਇਸ ਸੁੰਡੀ ਦੀ ਰੋਕਥਾਮ ਲਈ 100 ਗ੍ਰਾਮ ਪਰਕਲੇਮ 5 ਐਸ ਜੀ (ਐਮਾਮੈਕਟੀਨ ਬੈਨਜ਼ੋਏਟ) ਜਾਂ 500 ਮਿਲੀਲਿਟਰ ਕਿਉਰਾਕਰਾਨ 50 ਈ ਸੀ (ਪ੍ਰਵੀਨੋਫੋਸ) ਜਾਂ 200 ਮਿਲੀਲਿਟਰ ਅਵਾਂਟ 14.5 ਐਸ ਸੀ (ਇੰਡੈਕਸਾਕਾਰਥ) ਜਾਂ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 800 ਮਿਲੀਲਿਟਰ ਫੋਸਮਾਇਟ 50 ਈ ਸੀ (ਇਥੀਓਨ) ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਇਨਾਂ ਕੀਟਨਾਸ਼ਕਾਂ ਦੀ ਵਰਤੋਂ ਲੋੜ ਪੈਣ ਤੇ 10 ਦਿਨਾਂ ਦੇ ਵਕਫੇ ਤੇ ਕਰੋ।

ਕਿਸਾਨ ਵੀਰਾਂ ਨੂੰ ਸਲਾਹ ਦਿੰਦੀਆਂ ਉਨ੍ਹਾਂ ਕਿਹਾ ਹੈ ਕਿ ਜੇਕਰ ਬੀ ਟੀ ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵਿਖਾਈ ਦੇਵੇ ਤਾਂ ਆਪਣੇ ਇਲਾਕੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਲਿਆਓ।

CATEGORIES
TAGS
Share This

COMMENTS

Wordpress (0)
Disqus (0 )
Translate