ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਸੜਕੀ ਦੁਰਘਟਨਾਵਾਂ ਘਟਾਉਣ ਲਈ ਅਧਿਕਾਰੀਆਂ ਨੂੰ ਦਿੱਤੇ ਆਦੇਸ਼

·        ਜ਼ਿਲ੍ਹਾ ਪੱਧਰੀ ਰੋਡ ਸੇਫ਼ਟੀ ਕਮੇਟੀ ਦੀ ਕੀਤੀ ਮਹੀਨਾਵਾਰ ਬੈਠਕ

·        ਵਿਧਾਇਕ ਜਗਰੂਪ ਗਿੱਲ ਤੇ ਜਗਸੀਰ ਸਿੰਘ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ

           ਬਠਿੰਡਾ, 19 ਦਸੰਬਰ : ਜ਼ਿਲ੍ਹਾ ਪੱਧਰੀ ਰੋਡ ਸੇਫ਼ਟੀ ਕਮੇਟੀ ਦੀ ਮਹੀਨਾਵਾਰ ਬੈਠਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।  

          ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੋਡ ਸੇਫ਼ਟੀ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੰਦਿਆਂ ਕਿਹਾ ਕਿ ਉਹ ਆਪੋਂ-ਆਪਣੇ ਖੇਤਰ ਨਾਲ ਸਬੰਧਤ ਰੋਡ ਸੇਫ਼ਟੀ ਦੇ ਮੱਦੇਨਜ਼ਰ ਐਕਸੀਡੈਂਟ ਦਰ ਨੂੰ ਘਟਾਉਣ ਲਈ ਕੀਤੇ ਜਾਣ ਵਾਲੇ ਤੇ ਕੀਤੇ ਗਏ ਲੋੜੀਂਦੇ ਕਾਰਜਾਂ ਸਬੰਧੀ ਸਟੇਟਸ ਰਿਪੋਰਟ ਅਗਲੀ ਬੈਠਕ ਦੌਰਾਨ ਪੇਸ਼ ਕਰਨਾ ਲਾਜ਼ਮੀ ਬਣਾਉਣ।

          ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਰਿੰਗ ਰੋਡ ਤੋਂ ਬਰਨਾਲ ਰੋਡ ਨੈਸ਼ਨਲ ਹਾਈਵੇਅ ਤੇ ਚੜ੍ਹਨ ਲਈ ਕੈਂਟ ਨਜ਼ਦੀਕ ਢੁੱਕਵਾ ਅੰਡਰ ਪਾਸ ਲਈ ਪਰਪੋਜ਼ਲ ਤਿਆਰ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਾਮਪੁਰਾ ਵਿਖੇ ਨੈਸ਼ਨਲ ਹਾਈਵੇਅ ਤੇ ਪੁਲ ਉਤਰਦਿਆਂ ਹੀ ਚੌਂਕ ਨਜ਼ਦੀਕ ਬਣੇ ਕੱਟ ਨੂੰ ਬੰਦ ਕਰਨਾ ਤੇ ਇਸ ਲਈ ਢੁੱਕਵੇਂ ਪ੍ਰਬੰਧ ਕਰਨੇ ਲਾਜ਼ਮੀ ਬਣਾਏ ਜਾਣ।

          ਡਿਪਟੀ ਕਮਿਸ਼ਨਰ ਨੇ ਆਦੇਸ਼ ਹਸਪਤਾਲ ਦੇ ਸਾਹਮਣੇ ਖੜ੍ਹੇ ਹੁੰਦੇ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਪੈਸ਼ਲ ਪੰਪਿੰਗ ਸਟੇਸ਼ਨ ਬਣਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਕੈਂਟ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਬੀਬੀ ਵਾਲਾ ਚੌਂਕ ਤੋਂ ਲੈ ਕੇ ਰਾਮਪੁਰਾ ਤੱਕ ਢੁੱਕਵੀਂ ਸਰਵਿਸ ਲਾਇਨ ਬਣਾਉਣ ਤੋਂ ਇਲਾਵਾ ਭੁੱਚੋਂ ਟੋਲ ਪਲਾਜ਼ਾ ਵਿਖੇ ਸਾਈਡ ਤੋਂ ਐਮਰੀਜੈਂਸੀ ਵਹੀਕਲਾਂ ਲਈ ਬੰਦ ਕੀਤਾ ਰਸਤਾ ਤਰੁੰਤ ਖੁਲਵਾਇਆ ਜਾਵੇ।

          ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬਰਨਾਲਾ ਬਾਈਪਾਸ ਦੇ ਕੰਮ ਨੂੰ ਜਲਦ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਤੇ ਲੋੜੀਂਦੀਆਂ ਐਬੂਲੈਂਸਾਂ, ਸੀਸੀਟੀਵੀ ਕੈਮਰੇ ਅਤੇ ਲਾਇਟਾਂ ਨੂੰ ਚਾਲੂ ਰੱਖਣਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇਅ ਤੇ ਸਟੇਟ ਹਾਈਵੇਅ ਉੱਤੇ ਗਲਤ ਸਾਈਡ ਤੋਂ ਆਉਣ ਵਾਲੇ ਵਹੀਕਲਾਂ ਖਿਲਾਫ਼ ਸਖਤੀ ਵਰਤੀ ਜਾਵੇ ਤਾਂ ਜੋ ਇਨ੍ਹਾਂ ਕਾਰਨ ਵਾਪਰਨ ਵਾਲੀਆਂ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।  

          ਇਸ ਤੋਂ ਪਹਿਲਾਂ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮੈਡਮ ਮਾਨਸੀ ਨੇ ਜ਼ਿਲ੍ਹੇ ਅੰਦਰ ਰੋਡ ਸੇਫ਼ਟੀ ਸਬੰਧੀ ਕੀਤੇ ਜਾ ਰਹੇ ਕਾਰਜਾਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਐਕਸੀਡੈਂਟ ਸਬੰਧੀ ਵਾਪਰਨ ਵਾਲੇ ਸਥਾਨਾਂ, ਸਮਾਂ, ਕਾਰਨਾਂ, ਵਹੀਕਲਾਂ ਸਬੰਧੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਐਕਸੀਡੈਂਟ ਓਵਰ ਸਪੀਡ, ਓਵਰਟੇਕ, ਆਵਾਰਾ ਪਸ਼ੂਆਂ ਦੇ ਨਾਲ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਐਕਸੀਡੈਂਟ ਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਦੋ ਪਹੀਆ ਵਾਹਨ ਹਨ। ਐਕਸੀਡੈਂਟ ਕਾਰਨ ਮਰਨ ਵਾਲਿਆਂ ਦੀ ਤਾਦਾਦ ਚ ਜ਼ਿਆਦਾਤਰ ਵਹੀਕਲ ਚਾਲਕ ਵਲੋਂ ਹੈਲਮੈਟ ਨਾ ਪਾਉਣਾ ਵੀ ਇੱਕ ਵੱਡਾ ਕਾਰਨ ਹੈ।

          ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਉਪ ਮੰਡਲ ਮੈਜਿਸਟ੍ਰੇਟ ਮੌੜ ਸ਼੍ਰੀ ਵਰਿੰਦਰ ਸਿੰਘ, ਰੀਜਨਲ ਟਰਾਂਸਪੋਰਟ ਅਫ਼ਸਰ ਸ. ਰਾਜਦੀਪ ਸਿੰਘ ਬਰਾੜ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਤੋਂ ਇਲਾਵਾ ਹੋਰ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate