IPL ਦੀ ਤਰਜ਼ ‘ਤੇ ਬਣੇਗੀ ਪੰਜਾਬ ਕ੍ਰਿਕਟ ਲੀਗ, ਪੰਜਾਬ ਦੇ ਖਿਡਾਰੀਆਂ ਲਈ ਸਾਬਤ ਹੋਵੇਗੀ ਵਰਦਾਨ-ਸਪੀਕਰ ਸੰਧਵਾਂ

ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਖੇਡਾਂ ਬਣਨਗੀਆਂ ਸਭ ਤੋਂ ਵੱਡਾ ਹਥਿਆਰ
ਕੋਟਕਪੂਰਾ 6 ਮਾਰਚ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਕੁਹਾਰਵਾਲਾ ਵਿਖੇ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦਾ ਰਸਮੀ ਆਗਾਜ਼ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਸਮਾਜਕ ਬੁਰਾਈ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ।
ਸਪੀਕਰ ਸੰਧਵਾਂ ਨੇ ਨੌਜਵਾਨ ਕ੍ਰਿਕਟ ਖਿਡਾਰੀਆਂ ਲਈ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਕ੍ਰਿਕਟ ਲੀਗ (ਪੀ.ਸੀ.ਐਲ) ਸ਼ੁਰੂ ਕਰਨ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦੀ ਤਰਜ਼ ‘ਤੇ ਕਰਵਾਈ ਜਾਵੇਗੀ, ਜਿਸ ਵਿੱਚ ਜ਼ਿਲ੍ਹਾ ਅਧਾਰਤ ਅਤੇ ਖੇਤਰੀ ਟੀਮਾਂ ਜਿਵੇਂ ਮਾਝਾ, ਦੋਆਬਾ ਅਤੇ ਮਾਲਵਾ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਲੀਗ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਦੀ ਊਰਜਾ ਨੂੰ ਖੇਡਾਂ ਵੱਲ ਮੋੜਨਾ ਹੈ। ਸਰਕਾਰ ਇਸ ਮੁਹਿੰਮ ਨੂੰ “ਬੈਟ ਓਵਰ ਡਰੱਗਸ” ਦੇ ਨਾਅਰੇ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਪੰਜਾਬ ਦੀ ਸ਼ਾਨਦਾਰ ਖੇਡ ਵਿਰਾਸਤ ਨੂੰ ਮੁੜ ਜੀਵਤ ਕਰਨ ਦੇ ਨਾਲ-ਨਾਲ ਨਵੀਂ ਕ੍ਰਿਕਟ ਪ੍ਰਤਿਭਾ ਨੂੰ ਵੀ ਉਭਰਨ ਲਈ ਵੱਡਾ ਮੰਚ ਪ੍ਰਦਾਨ ਕਰੇਗੀ।
ਸਪੀਕਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਲੀਗ ਦੇ ਸਫਲ ਆਯੋਜਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ) ਨਾਲ ਸਾਂਝੇਦਾਰੀ ਕਰੇਗੀ। ਉਨ੍ਹਾਂ ਦੇ ਸਹਿਯੋਗ ਨਾਲ ਇਹ ਲੀਗ ਵੱਡੇ ਪੱਧਰ ‘ਤੇ ਕਰਵਾਈ ਜਾਵੇਗੀ, ਜਿਸ ਨਾਲ ਨੌਜਵਾਨਾਂ ਵਿੱਚ ਲੀਡਰਸ਼ਿਪ ਗੁਣ ਵਿਕਸਿਤ ਹੋਣਗੇ ਅਤੇ ਭਵਿੱਖ ਵਿੱਚ ਦੇਸ਼ ਨੂੰ ਹੋਣਹਾਰ ਕ੍ਰਿਕਟ ਖਿਡਾਰੀ ਮਿਲਣਗੇ।

ਇਸ ਮੌਕੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਸਰਪੰਚ ਚੰਦ ਸਿੰਘ, ਜਗਜੀਤ ਸਿੰਘ ਕੁਹਾਰਵਾਲਾ, ਗੁਰਪਰੇਮ ਸਿੰਘ, ਸਿਮਰਜੀਤ ਸਿੰਘ, ਕੁਲਵੰਤ ਸਿੰਘ ਟੀਟੂ, ਪ੍ਰਕਾਸ਼ ਸਿੰਘ, ਹਰ ਨਰਾਇਣ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus ( )
Translate