ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਤੇ ਰਾਜਸਥਾਨ ਦੇ ਅਧਿਕਾਰੀਆਂ ਦੀ ਹੋਈ ਬੈਠਕ
ਅੰਤਰਰਾਜੀ ਸਰਹੱਦ ਪਾਰੋਂ ਧਨ, ਬਲ ਜਾਂ ਨਸ਼ਿਆਂ ਦੇ ਦਾਖਲੇ ਨੂੰ ਸਖ਼ਤੀ ਨਾਲ ਰੋਕਣ ਲਈ ਚੋਣ ਕਮਿਸ਼ਨ ਦ੍ਰਿੜ-ਡੀਸੀ ਡਾ: ਸੇਨੂ ਦੁੱਗਲ
ਨਾਕਿਆਂ ਦੇ ਸਖ਼ਤ ਚੌਕਸੀ-ਐਸਐਸਪੀ ਡਾ: ਪ੍ਰਗਿਆ ਜੈਨ
ਫਾਜ਼ਿਲਕਾ, 10 ਮਈ (ਜਗਜੀਤ ਸਿੰਘ ਧਾਲੀਵਾਲ)
ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਪੰਜਾਬ ਵਿਚ 1 ਜੂਨ ਨੂੰ ਹੋਣ ਜਾ ਰਹੇ ਮਤਦਾਨ ਤੋਂ ਪਹਿਲਾਂ ਇੰਨ੍ਹਾਂ ਚੋਣਾਂ ਵਿਚ ਅੰਤਰਰਾਜੀ ਸਰਹੱਦ ਪਾਰੋ ਧਨ, ਬਲ ਤੇ ਨਸ਼ਿਆਂ ਦਾ ਦਾਖਲਾ ਰੋਕਣ ਲਈ ਅੰਤਰਰਾਜੀ ਤਾਲਮੇਲ ਬੈਠਕ ਸ੍ਰੀ ਗੰਗਾਨਗਰ ਵਿਚ ਹੋਈ। ਇਸ ਬੈਠਕ ਵਿਚ ਪੰਜਾਬ ਵਾਲੇ ਪਾਸਿਓਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ, ਐਸਐਸਪੀ ਡਾ: ਪ੍ਰਗਿਆ ਜੈਨ ਨੇ ਸ਼ਿਰਕਤ ਕੀਤੀ ਜਦ ਕਿ ਰਾਜਸਥਾਨ ਵੱਲੋਂ ਸ੍ਰੀ ਗੰਗਾਨਗਰ ਦੇ ਕੁਲੈਕਟਰ ਸ੍ਰੀ ਲੋਕ ਬੰਧੂ ਆਈਏਐਸ ਅਤੇ ਐਸਪੀ ਸ੍ਰੀ ਗੌਰਵ ਯਾਦਵ ਨੇ ਭਾਗ ਲਿਆ। ਰਾਜਸਥਾਨ ਦੇ ਹਨੁੰਮਾਨਗੜ੍ਹ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਵੀ ਬੈਠਕ ਵਿਚ ਸ਼ਿਰਕਤ ਕੀਤੀ।
ਬੈਠਕ ਦੌਰਾਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ 79 ਕਿਲੋਮੀਟਰ ਲੰਬੀ ਸਰਹੱਦ ਰਾਜਸਥਾਨ ਨਾਲ ਲੱਗਦੀ ਹੈ ਜਿਸ ਵਿਚੋਂ 73 ਕਿਲੋਮੀਟਰ ਸ੍ਰੀ ਗੰਗਾ ਨਗਰ ਜ਼ਿਲ੍ਹੇ ਤੇ 6 ਕਿਲੋਮੀਟਰ ਹਨੁੰਮਾਨਗੜ੍ਹ ਜ਼ਿਲ੍ਹੇ ਨਾਲ ਲੱਗਦੀ ਹੈ। ਚੋਣਾਂ ਦੌਰਾਨ ਅਕਸਰ ਅੰਤਰਰਾਜੀ ਸਰਹੱਦ ਪਾਰੋਂ ਇਕ ਦੂਜੇ ਰਾਜ ਵਿਚ ਮਾੜੇ ਅਨਸਰ ਦਾਖਲ ਹੋ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ ਕਰਦੇ ਹਨ। ਨਿਰਪੱਖ ਤੇ ਸਾਂਤਮਾਈ ਮਤਦਾਨ ਲਈ ਚੋਣਾਂ ਵਿਚ ਅੰਤਰਰਾਜੀ ਸਰਹੱਦ ਪਾਰੋਂ ਕਿਸੇ ਵੀ ਤਰਾਂ ਦੇ ਧਨ, ਬਲ ਜਾਂ ਨਸ਼ਿਆਂ ਦੇ ਦਾਖਲੇ ਨੂੰ ਰੋਕਣ ਲਈ ਰਣਨੀਤੀ ਬਣਾਉਣ ਲਈ ਇਹ ਬੈਠਕ ਕੀਤੀ ਗਈ ਹੈ। ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਹ ਇਸ ਤਰਾਂ ਦੀ ਦੂਜੀ ਬੈਠਕ ਹੈ ਜਦ ਕਿ ਪਹਿਲੀ ਬੈਠਕ ਫਾਜ਼ਿਲਕਾ ਵਿਖੇ ਹੋਈ ਸੀ ਜਿਸ ਵੀ ਦੋਹਾਂ ਰਾਜਾਂ ਦੇ ਅਧਿਕਾਰੀਆਂ ਨੇ ਭਾਗ ਲਿਆ ਸੀ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਬੈਠਕ ਦੌਰਾਨ ਸਾਂਝੀ ਰਣਨੀਤੀ ਤਿਆਰ ਕੀਤੀ ਗਈ ਤਾਂ ਜੋ ਕੋਈ ਵੀ ਮਾੜਾ ਅਨਸਰ ਇਕ ਪਾਸੇ ਕੋਈ ਗਲਤ ਹਰਕਤ ਕਰਕੇ ਦੂਜੇ ਰਾਜ ਵਿਚ ਜਾ ਕੇ ਲੁਕ ਨਾ ਸਕੇ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੀ ਹੱਦ ਤੇ 24 ਨਾਕੇ ਲਗਾਏ ਗਏ ਹਨ ਜਿੱਥੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।
ਐਸਐਸਪੀ ਫਾਜ਼ਿਲਕਾ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਸੂਚਨਾਵਾਂ ਦੇ ਬਿਤਹਰ ਅਦਾਨ ਪ੍ਰਦਾਨ ਅਤੇ ਆਪਸ ਵਿਚ ਚੰਗੇ ਤਾਲਮੇਲ ਨਾਲ ਅਪਰਾਧੀਆਂ ਦੇ ਇਕ ਰਾਜ ਤੋਂ ਦੂਜੇ ਰਾਜ ਵਿਚ ਆਵਾਗਮਨ ਨੂੰ ਰੋਕਣਾਂ ਅਸਾਨ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਚੋਣ ਜਾਬਤਾ ਲੱਗਣ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ 41 ਕੇਸ ਦਰਜ ਕਰਕੇ 69 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੰਨ੍ਹਾਂ ਤੋਂ 40 ਕਰੋੜ 66 ਲੱਖ ਤੋਂ ਵੱਧ ਰਕਮ ਦੇ ਨਸ਼ੇ ਅਤੇ 12.65 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸੇ ਤਰਾਂ ਐਕਸਾਈਜ ਐਕਟ ਤਹਿਤ ਵੀ 62 ਕੇਸ ਦਰਜ ਕੀਤੇ ਹਨ ਅਤੇ 1,69,49,558 ਰੁਪਏ ਦੀ ਸ਼ਰਾਬ ਬਰਾਮਦ ਕੀਤੀ ਹੈ। ਜ਼ਿਲ੍ਹੇ ਵਿਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਕੁੱਲ 42.36 ਕਰੋੜ ਦੀਆਂ ਬਰਾਮਦਗੀਆਂ ਹੋਈਆਂ ਹਨ।
ਸ੍ਰੀ ਗੰਗਾਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਲੋਕ ਬੰਧੂ ਨੇ ਕਿਹਾ ਕਿ ਰਾਜਸਥਾਨ ਦਾ ਪ੍ਰਸ਼ਾਸਨ ਪੂਰੀ ਚੌਕਸੀ ਰੱਖੇਗਾ ਅਤੇ ਪੰਜਾਬ ਵਿਚ ਚੋਣਾਂ ਵਾਲੇ ਦਿਨ ਅਤੇ ਉਸਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਪੰਜਾਬ ਦੀ ਹੱਦ ਨਾਲ ਲੱਗਦੇ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਸ਼ਰਾਬ ਦੇ ਠੇਕੇ ਵੀ ਬੰਦ ਕੀਤੇ ਜਾਣਗੇ।
ਐਸਪੀ ਸ੍ਰੀ ਗੰਗਾਨਗਰ ਸ੍ਰੀ ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਰਾਜਸਥਾਨ ਪੁਲਿਸ ਅੰਤਰਰਾਰਜੀ ਸਰਹੱਦ ਤੇ ਪੰਜਾਬ ਪੁਲਿਸ ਨਾਲ ਤਾਲਮੇਲ ਰੱਖਦੇ ਹੋਏ ਪੂਰੀ ਚੌਕਸੀ ਰੱਖੇਗੀ ਅਤੇ ਨਾਕਾਬੰਦੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ।
ਬੈਠਕ ਵਿਚ ਫਾਜ਼ਿਲਕਾ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਅਬੋਹਰ ਦੇ ਐਸਡੀਐਮ ਸ੍ਰੀ ਪੰਕਜ ਬਾਂਸਲ ਅਤੇ ਅਬੋਹਰ ਦੇ ਡੀਐਸਪੀ ਅਰੁਣ ਮੁੰਡਨ ਵੀ ਹਾਜਰ ਸਨ।