ਰੋਜ਼ਗਾਰ ਮੇਲੇ ’ਚ 173 ਉਮੀਦਵਾਰਾਂ ਦੀ ਨੌਕਰੀ ਲਈ ਚੋਣ

22 ਕੰਪਨੀਆਂ ਅਤੇ 538 ਉਮੀਦਵਾਰਾਂ ਨੇ ਲਿਆ ਭਾਗ
ਜਲੰਧਰ,
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਆਪਣੇ ਦਫ਼ਤਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿੱਚ 173 ਉਮੀਦਵਾਰਾਂ ਦੀ ਮੌਕੇ ’ਤੇ ਰੋਜ਼ਗਾਰ ਲਈ ਚੋਣ ਕੀਤੀ ਗਈ ਅਤੇ 279 ਨੌਜਵਾਨ ਲੜਕੇ-ਲੜਕੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਵੱਲੋਂ ਡੀ.ਬੀ.ਈ.ਈ. ਦਾ ਦੌਰਾ ਕਰਕੇ ਰੋਜ਼ਗਾਰ ਮੇਲੇ ਵਿੱਚ ਇੰਟਰਵਿਊ ਦੇਣ ਪੁੱਜੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਐਕਸਿਸ ਬੈਂਕ, ਯੈਸ ਬੈਂਕ, ਐਸ.ਬੀ.ਆਈ., ਜਨ ਸਮਾਲ ਫਾਇਨਾਂਸ ਬੈਂਕ, ਪੇਅਟੀਐਮ, ਐਲ.ਆਈ.ਸੀ., ਵਿਸ਼ਾਲ ਟੂਲਸ, ਮਾਹਵਾਹਾ ਆਟੋਜ਼, ਵਿਨੀਤ ਸਕਿਓਰਿਟੀ, ਹਰਬਲਾਈਫ਼ ਨਿਊਟ੍ਰੀਸ਼ਨ, ਪੁਖਰਾਜ ਹੈਲਥ ਕੇਅਰ ਅਤੇ ਏਜਾਇਲ ਸਮੇਤ 22 ਨਾਮੀ ਕੰਪਨੀਆਂ ਵੱਲੋਂ ਸ਼ਿਰਕਤ ਕਰਨ ਤੋਂ ਇਲਾਵਾ 538 ਉਮੀਦਵਾਰਾਂ ਨੇ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਇਨ੍ਹਾਂ ਕੰਪਨੀਆਂ ਵੱਲੋਂ ਵੱਖ-ਵੱਖ ਨੌਕਰੀਆਂ ਲਈ 173 ਨੌਜਵਾਨ ਲੜਕੇ-ਲੜਕੀਆਂ ਦੀ ਮੌਕੇ ’ਤੇ ਚੋਣ ਗਈ ਹੈ ਅਤੇ 279 ਉਮੀਦਵਾਰਾਂ ਨੂੰ ਦੂਜੇ ਰਾਊਂਡ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਵਿੱਚ ਬੇਹੱਦ ਸਹਾਈ ਸਾਬਿਤ ਹੋ ਰਹੇ ਹਨ। ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਰੋਜ਼ਗਾਰ ਮੇਲੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਆਤਮ ਨਿਰਭਰ ਬਣਾਇਆ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕਿਆਂ ਲਈ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।


