ਜ਼ਿਲ੍ਹਾ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਕਲੱਬ ਨੂੰ ਮਿਲੇਗਾ 25 ਹਜ਼ਾਰ ਦਾ ਨਕਦ ਇਨਾਮ
ਬਠਿੰਡਾ, 15 ਦਸੰਬਰ()- ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਸਾਲ 2022-23 ਲਈ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿਚ ਵਧੀਆ ਕੰਮ ਕਰਨ ਵਾਲੇ ਯੂਥ ਕਲੱਬਾਂ ਤੋਂ ਆਊਟਸਟੈਂਡਿੰਗ ਯੂਥ ਕਲੱਬ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਯੂਥ ਅਫਸਰ ਸ.ਹਰਸ਼ਰਨ ਸਿੰਘ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵਲੋਂ ਹਰ ਸਾਲ ਸਮਾਜ ਸੇਵਾ ਵਿਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਯੂਥ ਕਲੱਬ ਨੂੰ ਇਨਾਮ ਦਿੱਤਾ ਜਾਂਦਾ ਹੈ।
ਯੂਥ ਕਲੱਬ ਰਾਸ਼ਟਰ ਨਿਰਮਾਣ ਅਤੇ ਹੋਰ ਸਮਾਜਿਕ ਭਲਾਈ ਅਤੇ ਵਿਕਾਸ ਗਤੀਵਿਧੀਆਂ ਜਿਵੇਂ ਕਿ ਡਿਜੀਟਲ/ਵਿੱਤੀ ਸਾਖਰਤਾ, ਹੁਨਰ ਵਿਕਾਸ ਸਿਖਲਾਈ, ਸਿਹਤ ਜਾਗਰੂਕਤਾ, ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਏਕਤਾ, ਸਮਾਜਿਕ ਸਦਭਾਵਨਾ, ਖੇਡਾਂ ਆਦਿ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਸਕੀਮ ਤਹਿਤ ਵੱਧ ਤੋਂ ਵੱਧ ਯੂਥ ਕਲੱਬਾਂ ਨੂੰ ਸਮਾਜ ਭਲਾਈ ਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਲਈ ਅੱਗੇ ਆਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਨਾਮ ਲਈ ਯੂਥ ਕਲੱਬ ਵੱਲੋਂ ਇੱਕ ਫਾਰਮ ਜ਼ਿਲਾ ਦਫਤਰ ਤੋਂ ਲੈ ਕੇ ਭਰ ਕੇ ਉਸ ਦੇ ਨਾਲ ਕਲੱਬ ਵਲੋਂ ਪਹਿਲੀ ਅਪ੍ਰੈਲ 2021 ਤੋਂ 31 ਮਾਰਚ 2022 ਤੱਕ ਕੀਤੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਫੋਟੋਆਂ ਸਮੇਤ ਜਮਾਂ ਕਰਵਾਉਣਾ ਪਵੇਗਾ। ਫਾਈਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 20 ਦਸੰਬਰ 2022 ਹੋਵੇਗੀ। ਇਨਾਮ ਲਈ ਅਪਲਾਈ ਕਰਨ ਲਈ ਯੂਥ ਕਲੱਬ ਨਹਿਰੂ ਯੁਵਾ ਕੇਂਦਰ ਬਠਿੰਡਾ ਨਾਲ ਸਬੰਧਤ ਹੋਣਾ ਚਾਹੀਦਾ ਹੈ ਤੇ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਨਾਲ ਰਜਿਸਟਰਡ ਹੋਣਾ ਜ਼ਰੂਰੀ ਹੈ। ਕਲੱਬ ਦੀ ਆਡਿਟ ਰਿਪੋਰਟ ਹੋਣੀ ਲਾਜ਼ਮੀ ਹੈ। ਪਿਛਲੇ 2 ਸਾਲ ਦੌਰਾਨ ਇਨਾਮ ਜਿੱਤਣ ਵਾਲੇ ਕਲੱਬ ਇਸ ਵਿੱਚ ਭਾਗ ਨਹੀਂ ਲੈ ਸਕਦੇ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਤਿੰਨ ਪੱਧਰ ‘ਤੇ ਇਨਾਮ ਦਿਤੇ ਜਾਂਦੇ ਹਨ। ਜ਼ਿਲਾ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ 25,000 ਰੁਪਏ ਨਕਦ ਇਨਾਮ ਦਿੱਤਾ ਜਾਂਦਾ ਹੈ। ਜ਼ਿਲਾ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਕਲੱਬ ਦੀ ਫਾਈਲ ਰਾਜ ਪੱਧਰ ਲਈ ਭੇਜੀ ਜਾਵੇਗੀ, ਜਿੱਥੇ ਪਹਿਲਾ, ਦੂਜਾ ਤੇ ਤੀਜਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 75,000/-, 50,000/-, 25,000/- ਦਾ ਨਕਦ ਇਨਾਮ ਦਿੱਤਾ ਜਾਵੇਗਾ।
ਰਾਜ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਦੀ ਫਾਈਲ ਰਾਸ਼ਟਰੀ ਪੱਧਰ ਲਈ ਭੇਜੀ ਜਾਵੇਗੀ ਅਤੇ ਰਾਸ਼ਟਰੀ ਪੱਧਰ ਤੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 3 ਲੱਖ, 1 ਲੱਖ, 50,000/- ਦਾ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਦਫ਼ਤਰੀ ਸਮੇਂ ਦੌਰਾਨ ਨਹਿਰੂ ਯੁਵਾ ਕੇਂਦਰ ਬਠਿੰਡਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।


