ਰੋਜ਼ਾਨਾ ਦੀ ਕਸਰਤ ਅਤੇ ਸੰਤੁਲਿਤ ਭੋਜਨ ਸ਼ੂਗਰ ਤੋਂ ਕਰਦਾ ਹੈ ਬਚਾਅ ਡਾ. ਪ੍ਰੇਮ ਕੁਮਾਰ
ਸ਼ੂਗਰ ਦੇ ਮਰੀਜ਼ ਲਈ ਸਮੇਂ-ਸਮੇਂ ਸਿਰ ਸਿਹਤ ਜਾਂਚ ਜਰੂਰੀ – ਡਾ. ਪ੍ਰੇਮ ਕੁਮਾਰ
ਅਯੂਸਮਾਨ ਅਰੋਗਿਆ ਕੇਂਦਰ ਵਿਖੇ ਸ਼ੂਗਰ ਜਾਂਚ ਕੈਂਪ ਲਗਾਇਆ
ਢਿੱਲਵਾਂ (14-11-2025): ਅੱਜ ਦੇ ਤਕਨੀਕੀ ਯੁੱਗ ਵਿੱਚ ਜਿੱਥੇ ਲੋਕ ਆਪਣੀਆਂ ਰੁਝੇਵਿਆਂ ਵਿੱਚ ਬਹੁਤ ਵੱਧ ਵਿਅਸਤ ਰਹਿੰਦੇ ਹਨ, ਉਥੇ ਹੀ ਆਪਣੀ ਸਿਹਤ ਪ੍ਰਤੀ ਲਾਪਰਵਾਹੀ ਕਾਰਨ ਸ਼ੂਗਰ ਅਤੇ ਹਾਈਪਰਟੈਂਸ਼ਨ ਵਰਗੀਆਂ ਬਿਮਾਰੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ। ਇਨ੍ਹਾਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 14 ਨਵੰਬਰ ਨੂੰ “ਵਿਸ਼ਵ ਸ਼ੂਗਰ ਦਿਵਸ” ਮਨਾਇਆ ਜਾਂਦਾ ਹੈ।
ਇਸੇ ਤਹਿਤ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਅਗਵਾਈ ਹੇਠ ਬਲਾਕ ਢਿੱਲਵਾਂ ਦੇ ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ “ਵਿਸ਼ਵ ਸ਼ੂਗਰ ਦਿਵਸ” ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਸ਼ੂਗਰ ਜਾਂਚ ਕੈਂਪ ਦੌਰਾਨ ਮਰੀਜ਼ਾਂ ਦੀ ਸ਼ੂਗਰ ਜਾਂਚ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਨੇ ਕਿਹਾ ਕਿ ਸ਼ੂਗਰ ਮੈਟਾਬੋਲਿਕ ਬਿਮਾਰੀਆਂ ਦਾ ਇਕ ਸਮੂਹ ਹੈ, ਜਿਸ ਨਾਲ ਖੂਨ ਵਿੱਚ ਗਲੂਕੋਜ਼ ਦਾ ਪੱਧਰ ਸਧਾਰਨ ਨਾਲੋਂ ਵੱਧ ਜਾਂਦਾ ਹੈ। ਇਹ ਬਿਮਾਰੀ ਸਰੀਰ ਦੇ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਜਖਮ ਦੇਰੀ ਨਾਲ ਭਰਨਾ, ਅਚਾਨਕ ਵਜ਼ਨ ਘਟਣਾ, ਬਹੁਤ ਭੁੱਖ ਜਾਂ ਪਿਆਸ ਲੱਗਣਾ, ਹੱਥ-ਪੈਰ ਸੁੰਨ ਹੋਣਾ ਆਦਿ ਲੱਛਣ ਦਿਖਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਿਹਤ ਦਾ ਰੁਟੀਨ ਚੈਕਅੱਪ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ 30 ਸਾਲ ਤੋਂ ਉੱਪਰ ਦੇ ਲੋਕਾਂ ਦੀ ਸ਼ੂਗਰ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ੂਗਰ ਦੇ ਮਰੀਜ਼ ਡਾਕਟਰੀ ਸਲਾਹ ਨਾਲ ਹੀ ਸਮੇਂ-ਸਮੇਂ ’ਤੇ ਆਪਣੀ ਸਿਹਤ ਜਾਂਚ ਜਰੂਰ ਕਰਵਾਉਂਦੇ ਰਹਿਣ।
ਇਸ ਮੌਕੇ ਸੀ.ਐਚ.ਓ ਨਵਪ੍ਰੀਤ ਕੌਰ ਅਤੇ ਗੋਪਿਕਾ ਨੇ ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਮੌਜੂਦ ਲੋਕਾਂ ਨੂੰ ਸ਼ੂਗਰ ਤੋਂ ਬਚਾਅ ਲਈ ਹਰੀਆਂ ਸਬਜ਼ੀਆਂ, ਫਲ, ਸਲਾਦ ਦਾ ਵਧੇਰੇ ਸੇਵਨ ਕਰਨਾ, ਰੋਜ਼ਾਨਾ 30–40 ਮਿੰਟ ਦੀ ਸੈਰ, ਯੋਗਾ ਤੇ ਮੈਡੀਟੇਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਸੰਤੁਲਿਤ ਭੋਜਨ, ਤੰਬਾਕੂ, ਸ਼ਰਾਬ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਵੀ ਸ਼ੂਗਰ ਤੋਂ ਬਚਾਅ ਲਈ ਬਹੁਤ ਮਹੱਤਵਪੂਰਨ ਹੈ


