2 ਨਵੰਬਰ ਨੂੰ ਤਰਨ ਤਾਰਨ ਪੈਨਸ਼ਨ ਬਹਾਲੀ ਰੋਸ ਰੈਲੀ ਵਿੱਚ ਕੀਤੀ ਜਾਵੇਗੀ ਵੱਡੀ ਸ਼ਮੂਲੀਅਤ: ਬੀ ਐੱਡ ਅਧਿਆਪਕ ਫ਼ਰੰਟ
ਫਾਜ਼ਿਲਕਾ 26 ਅਕਤੂਬਰ
ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਪਰਗਟਜੀਤ ਸਿੰਘ ਕਿਸ਼ਨਪੁਰਾ ਤੇਜਿੰਦਰ ਸਿੰਘ ਮੋਹਾਲੀ ਸੁਖਦਰਸ਼ਨ ਸਿੰਘ ਬਠਿੰਡਾ ਦੀ ਅਗਵਾਈ ਹੇਠ ਹੋਈ।ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਮੁਲਾਜ਼ਮ ਵਰਗ ਲਈ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। 16 ਫੀਸਦੀ ਡੀ ਏ ਦੀਆਂ ਕਿਸ਼ਤਾਂ ,ਬੰਦ ਕੀਤੇ ਪੇਂਡੂ ਭੱਤੇ, ਬਾਰਡਰ ਏਰੀਆ ਭੱਤੇ, ਕੱਚੇ ਮੁਲਾਜਮਾਂ ਨੂੰ ਪੂਰੇ ਤਨਖ਼ਾਹ ਸਕੇਲ ਵਿੱਚ ਪੱਕੇ ਕਰਨ ,ਲੰਬੇ ਸਮੇਂ ਤੋਂ ਰੁਕੀਆਂ ਪ੍ਰੋਮੋਸ਼ਨ, ਗੈਰ ਵਿੱਦਿਅਕ ਕੰਮ ਕਰਨ ,ਨਵੇਂ ਭਰਤੀ ਹੋ ਰਹੇ ਅਧਿਆਪਕ ਸਾਥੀਆਂ ਉੱਪਰ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਅਤੇ 2 ਲੱਖ ਤੋਂ ਵੱਧ ਮੁਲਾਜਮਾਂ ਦੀ ਸਭ ਤੋਂ ਅਹਿਮ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਆਦਿ ਅਹਿਮ ਮੁੱਦਿਆਂ ਉੱਤੇ ਸਰਕਾਰ ਦੀ ਚੁੱਪੀ ਸਰਕਾਰ ਦੀ ਮੁਲਾਜਮਾਂ ਪ੍ਰਤੀ ਮਾੜੀਆਂ ਨੀਤੀਆਂ ਨੂੰ ਦਰਸਾ ਰਹੀਆਂ ਹਨ ਜਿਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਹੈ ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਦੇ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕਰਾਉਣ ਲਈ ਸੀ ਪੀ ਐੱਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 2 ਨਵੰਬਰ ਨੂੰ ਚੋਣ ਹਲਕੇ ਤਰਨ ਤਾਰਨ ਵਿੱਚ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਬੀ ਐੱਡ ਅਧਿਆਪਕ ਫਰੰਟ ਪੰਜਾਬ ਵਲੋਂ ਆਪਣੇ ਕੇਡਰ ਨਾਲ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਪੂਰੇ ਹਲਕੇ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ 25 ਨਵੰਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਦਿੱਲੀ ਵਿੱਚ ਹੋਣ ਵਾਲੀ ਮਹਾਂ ਰੈਲੀ ਵਿੱਚ ਵੀ ਬੀ ਐੱਡ ਅਧਿਆਪਕ ਫਰੰਟ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਵੇਗਾ।
ਇਸ ਮੌਕੇ ਪਰਮਜੀਤ ਫਿਰੋਜ਼ਪੁਰ, ਸਰਤਾਜ ਸਿੰਘ ਕਪੂਰਥਲਾ,ਰਵਿੰਦਰ ਸਿੰਘ ਜਲੰਧਰ, ਕਮਲਜੀਤ ਸਿੰਘ ਜਲੰਧਰ,ਰਾਜਕੁਮਾਰ ਟੋਨੀ, ਹਰਵਿੰਦਰ ਸਿੰਘ ਬਰਨਾਲਾ,ਗੁਰਮੀਤ ਸਿੰਘ ਮੋਗਾ, ਰਵਿੰਦਰ ਸਿੰਘ ਲੁਧਿਆਣਾ, ਮਨਦੀਪ ਸਿੰਘ ਲੁਧਿਆਣਾ,ਅਮਰਜੀਤ ਸਿੰਘ ਰੋਪੜ, ਪਰਮਜੀਤ ਦੁੱਗਲ, ਕੇਵਲ ਸਿੰਘ ਮੁਕਤਸਰ, ਸਤਿੰਦਰ ਸਚਦੇਵਾ ਫਾਜਿਲਕਾ, ਪਰਮਿੰਦਰ ਸਿੰਘ ਮੋਹਾਲੀ ਆਦਿ ਅਧਿਆਪਕ ਆਗੂ ਹਾਜ਼ਰ ਸਨ।



