ਹਲਕਾ ਰਾਮਪੁਰਾ ਦੀਆਂ 41 ਸੜਕਾਂ ਦਾ 16 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਨਵੀਨੀਕਰਨ : ਵਿਧਾਇਕ ਬਲਕਾਰ ਸਿੰਘ ਸਿੱਧੂ 

      100 ਕਿਲੋਮੀਟਰ ਤੱਕ ਬਣਨ ਵਾਲੀਆਂ ਸੜਕਾਂ ਦਾ ਰੱਖਿਆ ਨੀਂਹ ਪੱਥਰ  

ਬਠਿੰਡਾ, 25 ਅਕਤੂਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਲਗਭਗ 19 ਹਜ਼ਾਰ ਕਿਲੋਮੀਟਰ ਤੋਂ ਵੱਧ ਦੀਆਂ ਲਿੰਕ ਸੜਕਾਂ ਦੀ ਉਸਾਰੀ ਤੇ ਮੁਰੰਮਤ ਦਾ ਵੱਡਾ ਮੁਹਿੰਮ ਚਲਾਈ ਗਈ ਹੈ। ਇਸ ਲੜੀ ਤਹਿਤ ਹਲਕਾ ਰਾਮਪੁਰਾ ਦੀਆਂ 41 ਸੜਕਾਂ ਦਾ ਨਵੀਨੀਕਰਨ 16 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਕੁੱਲ 100 ਕਿਲੋਮੀਟਰ ਤੱਕ ਦੀਆਂ ਸੜਕਾਂ ਨੂੰ ਨਵੀਂ ਰੂਪ-ਰੇਖਾ ਮਿਲੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਰਾਮਪੁਰਾ ਬਲਕਾਰ ਸਿੰਘ ਸਿੱਧੂ ਨੇ ਸੜਕਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। 

           ਇਸ ਮੌਕੇ ਸ. ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਨਿਓਰ ਤੋਂ ਗਿੱਦੜ ਤੱਕ 6 ਕਿਲੋਮੀਟਰ ਦੀ ਸੜਕ 95.60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਭੋਡੀਪੁਰਾ ਤੋਂ ਰਾਮੂਵਾਲਾ ਤੱਕ 3.60 ਕਿਲੋਮੀਟਰ ਦੀ ਸੜਕ 68.46 ਲੱਖ ਰੁਪਏ ਨਾਲ ਅਤੇ ਸਲਾਬਤਪੁਰਾ–ਰਾਮਪੁਰਾ ਰੋਡ–ਦਿਆਲਪੁਰਾ ਭਾਈਕਾ ਰੋਡ ਦੀ 3.68 ਕਿਲੋਮੀਟਰ ਲੰਬਾਈ ਵਾਲੀ ਸੜਕ 54.99 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ। 

        ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਸੂਬਾ ਸਰਕਾਰ ਦੀ ਦੂਰਅੰਦੇਸ਼ੀ ਨੀਤੀ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਦਾ ਸਪਸ਼ਟ ਪ੍ਰਮਾਣ ਹਨ। ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਦਾ ਬੁਨਿਆਦੀ ਢਾਂਚਾ ਮਜ਼ਬੂਤ ਤੇ ਆਧੁਨਿਕ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆਵਾਜਾਈ ਤੇ ਆਰਥਿਕ ਵਿਕਾਸ ਲਈ ਵਧੀਆ ਸਹੂਲਤਾਂ ਪ੍ਰਾਪਤ ਹੋਣ।

        ਇਸ ਮੌਕੇ ਵਿਧਾਇਕ ਨੇ ਇਲਾਕੇ ਦੇ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਹਲਕੇ ਦੇ ਹਰ ਪਿੰਡ ਵਿੱਚ ਵਿਕਾਸ ਦੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਤਰਜੀਹ ਅਧਾਰ ਤੇ ਜਾਰੀ ਰਹਿਣਗੇ।

CATEGORIES
TAGS
Share This

COMMENTS

Wordpress (0)
Disqus ( )
Translate