ਫਾਜਿ਼ਲਕਾ ਦੇ ਕਿਸਾਨਾਂ ਨੇ ਇਸ ਸਾਲ ਕਣਕ ਵੇਚ ਕੇ ਵੱਟੇ 1601 ਕਰੋੜ

—ਮੰਡੀਆਂ ਵਿਚ ਵਿਕੀ 753718 ਮੀਟ੍ਰਿਕ ਟਨ
ਫਾਜਿ਼ਲਕਾ, 26 ਮਈ
ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਨੇ ਰਬੀ 2023—24 ਦੇ ਵਰਤਮਾਨ ਸੀਜਨ ਦੌਰਾਨ 1601 ਕਰੋੜ 65 ਲੱਖ ਰੁਪਏ ਦੀ ਕਣਕ ਤੋਂ ਵੱਟਤ ਕੀਤੀ ਹੈ। ਜਦ ਕਿ ਸੀਜਨ ਦੌਰਾਨ ਜਿ਼ਲ੍ਹੇ ਦੀਆਂ ਮੰਡੀਆਂ ਵਿਚ ਕੁੱਲ 753718.20 ਮੀਟ੍ਰਿਕ ਟਨ ਕਣਕ ਦੀ ਆਵਕ ਹੋਈ ਹੈ ਅਤੇ 25 ਮਈ ਤੱਕ ਇਸ ਸਾਰੀ ਕਣਕ ਦੀ ਖਰੀਦ ਵੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਕਣਕ ਦੀ ਸਰਕਾਰੀ ਖਰੀਦ ਬੰਦ ਹੋ ਗਈ ਹੈ।
ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ (ਵਾਧੂ ਚਾਰਜ) ਸ੍ਰੀ ਵਿਨੀਤ ਕੁਮਾਰ ਆਈਏਐਸ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਪਿੱਛਲੇ ਸਾਲ ਦੇ ਮੁਕਾਬਲੇ ਫਾਜਿਲ਼ਕਾ ਜਿ਼ਲ੍ਹੇ ਵਿਚ ਕਣਕ ਦੀ ਜਿਆਦਾ ਪੈਦਾਵਾਰ ਅਤੇ ਜਿਆਦਾ ਸਰਕਾਰੀ ਖਰੀਦ ਹੋਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਇਸ ਸਾਲ ਪਨਗ੍ਰੇਨ ਨੇ ਕੇਂਦਰੀ ਪੂਲ ਲਈ 164226.10 ਮੀਟ੍ਰਿਕ ਟਨ ਜਦ ਕਿ ਸਟੇਟ ਪੂਲ ਲਈ 41778.25 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਇਸੇ ਤਰਾਂ ਮਾਰਕਫੈਡ ਨੇ 204830.15 ਮੀਟ੍ਰਿਕ ਟਨ ਅਤੇ ਪਨਸਪ ਨੇ 201545.15 ਮੀਟ੍ਰਿਕ ਟਨ ਖਰੀਦ ਕੀਤੀ ਹੈ। ਪੰਜਾਬ ਰਾਜ ਮਾਲ ਗੋਦਾਮ ਨਿਗਮ ਨੇ 114268.05 ਮੀਟ੍ਰਿਕ ਟਨ ਖਰੀਦ ਕੀਤੀ ਅਤੇ ਭਾਰਤੀ ਖੁਰਾਕ ਨਿਗਮ ਨੇ 9131.50 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ। ਇਸ ਤੋ ਬਿਨ੍ਹਾਂ ਪ੍ਰਾਈਵੇਟ ਵਪਾਰੀਆਂ ਨੇ 17939 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਮੰਡੀਆਂ ਵਿਚ ਖਰੀਦ ਸੀਜਨ ਬੀਤੇ ਕੱਲ ਸਮਾਪਤ ਹੋ ਗਿਆ ਹੈ ਅਤੇ 72 ਘੰਟੇ ਵਿਚ ਲਿਫਟਿੰਗ ਕਰਨ ਦੇ ਨਿਯਮ ਅਨੁਸਾਰ ਜਿ਼ਲ੍ਹੇ ਵਿਚ 98.08 ਫੀਸਦੀ ਲਿਫਟਿੰਗ ਹੋ ਗਈ ਹੈ ਅਤੇ ਬਾਕੀ ਦੀ ਲਿਫਟਿੰਗ ਵੀ ਇਕ ਦੋ ਦਿਨ ਵਿਚ ਮੁੰਕਮਲ ਹੋ ਜਾਵੇਗੀ।
ਡੀਐਫਐਸਸੀ ਨੇ ਦੱਸਿਆ ਕਿ ਕਿਸਾਨਾਂ ਤੋਂ ਖਰੀਦ ਕਣਕ ਦੀ ਬਣਦੀ ਅਦਾਇਗੀ ਦੇ 99.72 ਫੀਸਦੀ ਰਕਮ ਦੇ ਐਡਵਾਈਸ ਜਨਰੇਟ ਹੋ ਚੁੱਕੇ ਹਨ ਅਤੇ 97.93 ਫੀਸਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ ਵੀ ਹੋ ਚੁੱਕੀ ਹੈ।
ਉਨ੍ਹਾਂ ਨੇ ਕਣਕ ਦੀ ਖਰੀਦ ਵਿਚ ਸਹਿਯੋਗ ਲਈ ਕਿਸਾਨਾਂ, ਆੜਤੀਆਂ ਅਤੇ ਸਬੰਧਤ ਮਹਿਕਮਿਆਂ ਦਾ ਧੰਨਵਾਦ ਵੀ ਕੀਤਾ।


