ਚੇਅਰਮੈਨ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਘੱਟ ਗਿਣਤੀ ਭਾਈਚਾਰੇ ਦੀਆਂ ਸੁਣੀਆਂ ਸਮੱਸਿਆਵਾਂ, ਜਲਦ ਹੱਲ ਕਰਵਾਉਣ ਦਾ ਦਵਾਇਆ ਭਰੋਸਾ
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ
ਚੇਅਰਮੈਨ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਜਤਿੰਦਰ ਮਸੀਹ ਗੌਰਵ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਉਨ੍ਹਾਂ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਮ੍ਰਿਤਕ ਸਰੀਰ ਨੂੰ ਦਫਨਾਉਣ ਲਈ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ । ਉਨਾਂ ਕਿਹਾ ਕਿ ਕਬਰਸਤਾਨਾਂ ਦੀਆਂ ਜਗ੍ਹਾ ਤੇ ਹੋਏ ਕਬਜਿਆਂ ਨੂੰ ਵੀ ਜਲਦ ਛੁਡਵਾਇਆ ਜਾਵੇ ਅਤੇ ਜ਼ਿਲ੍ਹੇ ਵਿੱਚ ਜਿਸ ਸ਼ਹਿਰ ਜਾਂ ਪਿੰਡ ਵਿੱਚ ਕਬਰਸਤਾਨ ਨਹੀਂ ਹੈ, ਉਥੇ ਜਗ੍ਹਾ ਮੁਹਇਆ ਕਰਵਾਈ ਜਾਵੇ।
ਉਨ੍ਹਾਂ ਸਬੰਧਿਤ ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰਾਂ ਅਤੇ ਜ਼ਿਲ੍ਹਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਕਿਹਾ ਕਿ ਘੱਟ ਗਿਣਤੀ ਦੇ ਲੋਕਾਂ ਨੂੰ ਮ੍ਰਿਤਕ ਸਰੀਰ ਦਫਨਾਉਣ ਤੋਂ ਇਲਾਵਾ ਸਾਂਝੇ ਪ੍ਰੋਗਰਾਮ ਲਈ ਕਮਿਊਨਟੀ ਸੈਂਟਰ ਅਤੇ ਧਰਮਸ਼ਾਲਾ ਲਈ ਜਗ੍ਹਾ ਅਲਾਟ ਕਰਨ ਲਈ ਵੀ ਉਪਰਾਲੇ ਕੀਤੇ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਆਪੋ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਹੈ ਘੱਟ ਗਿਣਤੀ ਕਮਿਸ਼ਨ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਧਰਮ ਦੇ ਨਾਮ ਤੇ ਆਪਸੀ ਭਾਈਚਾਰੇ ਨੂੰ ਭੰਗ ਕਰੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਜੇ ਕੋਈ ਵੀ ਸ਼ਰਾਰਤੀ ਅਨਸਰ ਧਰਮ ਦੇ ਨਾਮ ਤੇ ਘੱਟ ਗਿਣਤੀ ਭਾਈਚਾਰੇ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਤੇ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ ਨੇ ਚੇਅਰਮੈਨ ਨੂੰ ਵਿਸ਼ਵਾਸ ਦੁਆਇਆ ਕਿ ਜੋ ਵੀ ਮਸਲੇ ਇਸ ਮੀਟਿੰਗ ਵਿੱਚ ਵਿਚਾਰੇ ਗਏ ਹਨ, ਉਹਨਾ ਦਾ ਹੱਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲਦ ਕੀਤਾ ਜਾਵੇਗਾ ਅਤੇ ਘੱਟ ਗਿਣਤੀ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਭਵਿੱਖ ਵਿੱਚ ਕੋਈ ਪ੍ਰੇ਼ਸਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਬਲਜੀਤ ਕੌਰ, ਐਸ.ਡੀ.ਐਮ ਮਲੋਟ ਜੁਗਰਾਜ ਸਿੰਘ ਕਾਹਲੋਂ, ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਨ ਮਾਨ, ਡੀਐਸਪੀ ਅਮਨਦੀਪ ਸਿੰਘ, ਕਾਰਜ ਸਾਧਕ ਅਫਸਰ ਸ੍ਰੀ ਮੁਕਤਸਰ ਸਾਹਿਬ ਵਰੁਣ ਕੁਮਾਰ ਸਹੋਤਾ, ਕਾਰਜ ਸਾਧਕ ਅਫਸਰ ਗਿੱਦੜਬਾਹਾ ਸੁਨੀਲ ਦੱਤ ਵਰਮਾ ਅਤੇ ਘੱਟ ਗਿਣਤੀ ਭਾਈਚਾਰੇ ਦੇ ਨੁਮਾਇੰਦੇ ਵੀ ਮੌਜੂਦ ਸਨ।


