ਹਿੰਦੀ ਸ਼ਬਦ-ਕੋਸ਼ ਵਿੱਚ ਕਰੀਬ 6 ਲੱਖ ਸ਼ਬਦ, ਪਰੰਤੂ ਪੀਐਮ ਮੋਦੀ ਹਿੰਦੂ-ਮੁਸਲਮਾਨ, ਮੰਦਰ-ਮਸਜਿਦ, ਪਾਕਿਸਤਾਨ-ਕਬਰਸਤਾਨ ਤੋਂ ਇਲਾਵਾ ਹੋਰ ਕੁੱਝ ਨਹੀਂ ਬੋਲਦੇ- ਭਗਵੰਤ ਮਾਨ

ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਵਿੱਚ ਲੋਕਾਂ ਨੂੰ 13-0 ਨਾਲ ‘ਆਪ’ ਨੂੰ ਜਿਤਾਉਣ ਦੀ ਕੀਤੀ ਅਪੀਲ 

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਬੋਲਿਆ ਹਮਲਾ, ਕਿਹਾ – ਉਹ ਮੁਗ਼ਲਾਂ ਦੇ ਸਮੇਂ ਮੁਗ਼ਲਾਂ ਨਾਲ, ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ਾਂ ਨਾਲ, ਅਕਾਲੀ ਦਲ ਦੇ ਸਮੇਂ ਅਕਾਲੀ ਦਲ ਨਾਲ, ਕਾਂਗਰਸ ਦੇ ਸਮੇਂ ਕਾਂਗਰਸ ਨਾਲ ਅਤੇ ਹੁਣ ਬੀਜੇਪੀ ਦੀ ਸੱਤਾ ਵਿਚ ਬੀਜੇਪੀ ਨਾਲ ਹਨ  

ਬਿਕਰਮ ਮਜੀਠੀਆ ‘ਤੇ ਕੀਤਾ ਤਿੱਖਾ ਹਮਲਾ, ਕਿਹਾ – ਜੱਲਿਆਂਵਾਲਾ ਬਾਗ ਕਤਲੇਆਮ ਦੀ ਸ਼ਾਮ ਜਨਰਲ ਡਾਇਰ ਨੇ ਮਜੀਠੀਆ ਦੇ ਘਰ ਕੀਤਾ ਸੀ ਡਿਨਰ 

ਡਾ. ਬਲਬੀਰ ਸਿੰਘ ਨੇ ਕਿਹਾ, ਦੋ ਸਾਲਾਂ ਵਿੱਚ ਹੀ ਭਗਵੰਤ ਮਾਨ ਦੀ ਸਰਕਾਰ ਨੇ 90 ਪ੍ਰਤੀਸ਼ਤ ਗਰੰਟੀਆਂ ਕੀਤੀਆਂ ਪੂਰੀਆਂ 


ਪਟਿਆਲਾ, 8 ਮਈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਟਿਆਲਾ ਵਿੱਚ ‘ਆਪ’ ਉਮੀਦਵਾਰ ਡਾ ਬਲਬੀਰ ਸਿੰਘ ਲਈ ਚੋਣ ਪ੍ਰਚਾਰ ਕੀਤਾ।  ਇੱਥੇ ਉਨ੍ਹਾਂ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਦੀ ਅਪੀਲ ਕੀਤੀ।

 ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਗ਼ਲਾਂ ਦੇ ਸਮੇਂ ਕੈਪਟਨ ਦਾ ਪਰਿਵਾਰ ਉਨ੍ਹਾਂ ਦੇ ਨਾਲ ਸੀ। ਅੰਗਰੇਜ਼ਾਂ ਦੇ ਰਾਜ ‘ਚ ਉਨ੍ਹਾਂ ਦੇ ਨਾਲ ਸੀ। ਅਕਾਲੀ ਦਲ ਦੇ ਸਮੇਂ ਉਸ ਦੇ ਨਾਲ ਰਹੇ। ਫਿਰ ਕਾਂਗਰਸ ਵਿੱਚ ਰਹੇ ਅਤੇ ਹੁਣ ਭਾਜਪਾ ਸਰਕਾਰ ਵਿੱਚ ਉਸ ਦੇ ਨਾਲ ਹਨ।

ਉਨ੍ਹਾਂ ਦੋਸ਼ ਲਾਇਆ ਕਿ ਪਟਿਆਲਾ ਦੀ ਰਿਆਸਤ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਣਾਇਆ ਸੀ ਕਿਉਂਕਿ ਕੈਪਟਨ ਦੇ ਪੂਰਵਜ ਆਲਾ ਸਿੰਘ ਨੇ ਅਬਦਾਲੀ ਦਾ ਕਾਫ਼ਲਾ ਲੁੱਟਣ ਵਾਲੇ ਖ਼ਾਲਸਾ ਗਰੁੱਪ ਦਾ ਨਾਂ ਉਜਾਗਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਝ ਖ਼ਾਲਸਾ ਦੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਕਾਫ਼ਲੇ ਵੱਲੋਂ ਲੁੱਟਿਆ ਮਾਲ ਪਿਛਲੇ ਹਿੱਸੇ ਤੋਂ ਲੁੱਟ ਲੈਂਦੇ ਸੀ ਅਤੇ ਗ਼ਰੀਬਾਂ ਵਿੱਚ ਵੰਡ ਦਿੰਦੇ ਸਨ। ਕੈਪਟਨ ਦੇ ਪੂਰਵਜ ਆਲਾ ਸਿੰਘ ਨੇ ਅਬਦਾਲੀ ਨੂੰ ਉਨ੍ਹਾਂ ਖ਼ਾਲਸਾ ਦੇ ਲੋਕਾਂ ਦੇ ਨਾਮ ਦੱਸੇ ਸਨ ਜਿਨ੍ਹਾਂ ਨੂੰ ਅਬਦਾਲੀ ਨੇ ਮਾਰਿਆ ਸੀ।  ਇਸ ਤੋਂ ਬਾਅਦ ਅਬਦਾਲੀ ਨੇ ਖ਼ੁਸ਼ ਹੋ ਕੇ ਆਲਾ ਸਿੰਘ ਦੇ ਪੁੱਤਰ ਨੂੰ ਪਟਿਆਲਾ ਰਿਆਸਤ ਦੇ ਦਿੱਤੀ।


 ਮਾਨ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜੱਲਿਆਂਵਾਲਾ ਕਤਲੇਆਮ ਵਾਲੀ ਸ਼ਾਮ ਨੂੰ ਜਨਰਲ ਡਾਇਰ ਨੇ ਬਿਕਰਮ ਮਜੀਠੀਆ ਦੇ ਘਰ ਡਿਨਰ ਕੀਤਾ ਸੀ।  ਪੰਜਾਬ ਅਜਿਹੇ ਲੋਕਾਂ ਤੋਂ ਵਫ਼ਾਦਾਰੀ ਦੀ ਆਸ ਕਿਵੇਂ ਰੱਖ ਸਕਦਾ ਹੈ? ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਬਣਨ ਦੀ ਕਾਫੀ ਚਿੰਤਾ ਹੈ ਪਰ ਕਾਂਗਰਸ ਨੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਹੈ।

 ਸੁਖਬੀਰ ਬਾਦਲ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸੁਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖ਼ੂਨ ਪਸੀਨੇ ਨਾਲ ਬਣਿਆ ਹੈ।  ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ।  ਉਨ੍ਹਾਂ ਕਿਹਾ ਕਿ ਅਸੀਂਂਂਂ ਪੰਜਾਬ ਸਰਕਾਰ ਤੋਂ ਸੁਖ ਵਿਲਾਸ ਨੂੰ ਲੈ ਕੇ ਸਕੂਲ ਵਿੱਚ ਤਬਦੀਲ ਕਰਾਂਗੇ।  ਇਹ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਮਰੇ ਵਿੱਚ ਪੂਲ ਹੋਵੇਗਾ।  ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, ‘ਦੁਨੀਆ ਦਾ ਪਹਿਲਾ ਸਕੂਲ, ਜਿਸਦੇ ਹਰ ਕਮਰੇ ਦੇ ਪਿੱਛੇ ਪੂਲ’।


ਮਾਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਹਿੰਦੀ ਡਿਕਸ਼ਨਰੀ ਵਿੱਚ ਕਰੀਬ 6 ਲੱਖ ਸ਼ਬਦ ਹਨ, ਪਰ ਪੀਐਮ ਮੋਦੀ ਹਿੰਦੂ-ਮੁਸਲਿਮ, ਮੰਦਰ-ਮਸਜਿਦ, ਪਾਕਿਸਤਾਨ-ਕਬਰਸਤਾਨ ਵਰਗੇ ਅੱਠ-ਦਸ ਸ਼ਬਦ ਹੀ ਬੋਲਦੇ ਹਨ।  ਉਹ ਕਦੇ ਵੀ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ‘ਤੇ ਨਹੀਂ ਬੋਲਦੇ।


ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ 10 ਸਾਲ ਬਾਅਦ ਵੀ ਉਹ ਮੰਗਲ-ਸੂਤਰ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ।  ਉਨ੍ਹਾਂ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ।  ਉਹ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਡਰਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹ ਪੰਜਾਬ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਵੀ ਪਸੰਦ ਨਹੀਂ ਕਰਦੇ। ਪੰਜਾਬ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਗੁਰੂਪਰਵ, ਈਦ, ਹੋਲੀ, ਦੀਵਾਲੀ ਅਤੇ ਨੌਮੀ ਇਕੱਠੇ ਮਨਾਉਂਦੇ ਹਨ। ਭਾਜਪਾ ਦੀ ਨਫਰਤ ਦੀ ਰਾਜਨੀਤੀ ਇੱਥੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ।

ਭਗਵੰਤ ਮਾਨ ਨੇ ਕਿਹਾ ਕਿ ਅਸੀ ਕੰਮ ਦੀ ਰਾਜਨੀਤੀ ਕਰਦੇ ਹਾਂ। ਪਿਛਲੇ ਦੋ ਸਾਲਾਂ ਵਿੱਚ ਅਸੀਂ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। 829 ਮੁਹੱਲਾ ਕਲੀਨਿਕ ਖੋਲ੍ਹੇ, ਜਿਸ ਵਿੱਚ ਹੁਣ ਤੱਕ ਕਰੀਬ ਡੇਢ ਕਰੋੜ ਲੋਕ ਮੁਫ਼ਤ  ਇਲਾਜ ਕਰਵਾ ਚੁੱਕੇ ਹਨ। ਮੈਂ (ਭਗਵੰਤ ਮਾਨ) ਸਿਹਤ ਮੰਤਰੀ ਨੂੰ ਕਿਹਾ ਕਿ ਪੰਜਾਬ ਦਾ ਕੋਈ ਅਜਿਹਾ ਹਸਪਤਾਲ ਨਾ ਹੋਵੇ ਜਿਸ ਵਿੱਚ ਐਕਸ-ਰੇ ਮਸ਼ੀਨ, ਜਾਂਚ ਲੈਬ ਅਤੇ ਦਵਾਈ ਨਾ ਹੋਵੇ। ਕਿਸੇ ਵੀ ਮਰੀਜ਼਼ ਨੂੰ ਜਾਂਚ ਅਤੇ ਦਵਾਈ ਲਈ ਹਸਪਤਾਲ ਤੋਂ ਬਾਹਰ ਨਾ ਜਾਣਾ ਪਵੇ। ਇਸ ਦੀ ਜ਼ਿੰਮੇਵਾਰੀ ਅਸੀਂ ਸਮੂਹ ਹਸਪਤਾਲਾਂ ਦੇ ਚੀਫ਼ ਮੈਡੀਕਲ ਅਫ਼ਸਰਾਂ ਦੀ ਲਗਾ ਦਿੱਤੀ ਤਾਂਕਿ ਕਿਸੇ ਵੀ ਮਰੀਜ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। 

ਉੱਥੇ ਹੀ ਪੰਜਾਬ ਦੇ ਕਿਸਾਨਾਂ ਦੀ ਤਰੱਕੀ ਲਈ ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਦਾ ਕਰ ਦਿੱਤਾ ਹੈ। ਮਾਰਚ 2022 ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ, ਉਸ ਸਮੇਂ ਸਿਰਫ਼ 21 ਫ਼ੀਸਦੀ ਹੀ ਖੇਤਾਂ ਵਿੱਚ ਨਹਿਰ ਦਾ ਪਾਣੀ ਪਹੁੰਚਦਾ ਸੀ । ਉਨ੍ਹਾਂ ਕਿਹਾ ਕਿ ਅਕਤੂਬਰ ਤੱਕ ਅਸੀਂ 70 ਫ਼ੀਸਦੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਦਾ ਕਰ ਦੇਣਾ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ। ਫਿਰ ਸਰਕਾਰ ਦੇ ਕਰੀਬ 5000 ਤੋਂ 6000 ਕਰੋੜ ਰੁਪਏ ਬਚਣਗੇ। ਮਾਨ ਨੇ ਕਿਹਾ  ਇਸ ਪੈਸਿਆਂ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ 1000 ਰੁਪਏ ਹਰ ਮਹੀਨਾ ਦੇਵਾਂਗੇ। 

ਉਨ੍ਹਾਂ ਨੇ ਕਿਹਾ ਕਿ ਅਸੀ ਪੰਜਾਬ ਵਿੱਚ ਇੰਡਸਟਰੀ ਲਿਆਉਣ ਲਈ ਵੀ ਅਹਿਮ ਕਦਮ ਚੁੱਕ ਰਹੇ ਹਾਂ। ਹੁਣ ਤੱਕ ਪੰਜਾਬ ਵਿੱਚ ਕਰੀਬ 70,000 ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ, ਜਿਸਦੇ ਨਾਲ ਕਰੀਬ ਤਿੰਨ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਹੈ । ਉਨ੍ਹਾਂ ਨੇ ਕਿਹਾ ਕਿ ਟੋਮੇਟੋ ਸੌਸ ਬਣਾਉਣ ਵਾਲੀ ਕੰਪਨੀ (ਕਿਸਾਨ) ਨਾਲ ਸਾਡੀ ਗੱਲ ਹੋ ਚੁੱਕੀ ਹੈ। ਕੰਪਨੀ ਨੂੰ 10,000 ਮੀਟਰਿਕ ਟਨ ਟਮਾਟਰ ਦੀ ਜ਼ਰੂਰਤ ਹੁੰਦੀ ਹੈ ਜਿਸ ਵਿੱਚ ਸਾਢੇ 9 ਹਜ਼ਾਰ ਮੀਟਰਿਕ ਟਨ ਟਮਾਟਰ ਉਹ ਬਾਹਰ ਤੋਂ ਮੰਗਵਾਉਂਦੇ ਹਨ। ਅਸੀਂ ਪੀਏਯੂ ਨਾਲ ਉਸਦੇ ਲਈ ਇੱਕ ਪ੍ਰਸਤਾਵ ਬਣਵਾਇਆ ਤਾਂ ਕਿ ਚੰਗੀ ਕਵਾਲਿਟੀ ਦਾ ਟਮਾਟਰ ਇੱਥੇ ਪੈਦਾ ਕੀਤੇ ਜਾ ਸਕਣ। ਫਿਰ ਟਮਾਟਰ ਦੀ ਖੇਤੀ ਨਾਲ ਇੱਥੇ ਦੇ ਕਿਸਾਨਾਂ ਨੂੰ ਕਾਫੀ ਫ਼ਾਇਦਾ ਮਿਲੇਗਾ। 

ਇਸ ਤੋਂ ਇਲਾਵਾ ਇੰਡਸਟਰੀ ਦੀ ਸਹੂਲਤ ਲਈ ਅਸੀਂ ਇੰਡਸਟਰੀ ਨੂੰ ਸਾਰੀ ਕਾਗ਼ਜ਼ੀ ਪ੍ਰਕਿਰਿਆ ਤੋਂ ਮੁਕਤ ਕਰ ਦਿੱਤਾ ਹੈ। ਅਸੀਂ ਇੰਡਸਟਰੀ ਲਈ ਹਰਾ-ਸਟੈਂਪ ਜਾਰੀ ਕੀਤਾ ਹੈ, ਜਿਸ ਵਿੱਚ ਸਾਰੀ ਕਾਗ਼ਜ਼ੀ ਪ੍ਰਕਿਰਿਆ ਇਕੱਠੀ ਹੀ ਹੋ ਜਾਂਦੀ ਹੈ ਅਤੇ ਉਹਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪੈਂਦੀ। ਉੱਥੇ ਹੀ ਪ੍ਰਾਈਵੇਟ ਕਾਲੋਨੀਆਂ ਲਈ ਅਸੀਂ ਲਾਲ-ਸਟੈਂਪ ਬਣਾ ਦਿੱਤਾ ਹੈ, ਤਾਂਕਿ ਭਵਿੱਖ ਵਿੱਚ ਕੋਈ ਗ਼ੈਰਕਾਨੂੰਨੀ ਕਲੋਨੀ ਨਾ ਬਣ ਸਕੇ। 

ਜਨਸਭਾ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਨ ਸਭਾ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਰੀਬ 12,000 ਕਰੋੜ ਰੁਪਏ ਦੇ ਫ਼ੰਡ ਰੋਕੀ ਬੈਠੀ ਹੈ। ਅਸੀ ਜਿੱਤਣ ਤੋਂ ਬਾਅਦ ਸੰਸਦ ਵਿੱਚ ਇਸਦੇ ਖਿਲਾਫ ਅਵਾਜ਼ ਬੁਲੰਦ ਕਰਾਂਗੇ ਅਤੇ ਪੰਜਾਬ ਦੇ ਰੁਕੇ ਹੋਏ ਸਾਰੇ ਫ਼ੰਡ ਵਾਪਸ ਲੈ ਕੇ ਆਵਾਂਗੇ।

CATEGORIES
TAGS
Share This

COMMENTS

Wordpress (0)
Disqus (0 )
Translate