ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਕਿਸਾਨਾਂ ਨਾਲ ਰਾਬਤਾ ਰੱਖਦਿਆਂ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ : ਡੀ.ਸੀ.

• ਨੋਡਲ ਤੇ ਕਲੱਸਟਰ ਅਫਸਰਾਂ ਨਾਲ ਕੀਤੀ ਮੀਟਿੰਗ, ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼

ਤਲਵੰਡੀ ਸਾਬੋ (ਬਠਿੰਡਾ), 1 ਅਕਤੂਬਰ : ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਪਿੰਡਾਂ ਵਿੱਚ ਜਾ ਕੇ ਵੱਧ ਤੋਂ ਵੱਧ ਰਾਬਤਾ ਕਾਇਮ ਕਰਕੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਇਹ ਆਦੇਸ਼ ਡੀ.ਸੀ. ਰਾਜੇਸ਼ ਧੀਮਾਨ ਨੇ ਦਫਤਰ ਨਗਰ ਕੌਂਸਲ ਤਲਵੰਡੀ ਸਾਬੋ ਵਿਖੇ ਨੋਡਲ ਅਤੇ ਕਲੱਸਟਰ ਅਫਸਰਾਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਅਮਨੀਤ ਕੌਂਡਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਸ ਮੌਕੇ ਡੀ.ਸੀ. ਨੇ ਮੁੱਖ ਖੇਤੀਬਾੜੀ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਸਬੰਧੀ ਉਦਯੋਗਿਕ ਇਕਾਈਆਂ ਨੂੰ ਪੰਚਾਇਤੀ ਥਾਵਾਂ ਤੋਂ ਇਲਾਵਾ ਹੋਰ ਢੁੱਕਵੀਆਂ ਥਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲੱਗਣ ਵਾਲੀਆਂ ਥਾਵਾਂ ਤੋਂ ਇਲਾਵਾ ਪੈਟਰੋਲ ਪੰਪ ਆਦਿ ਨੇੜੇ ਪਰਾਲੀ ਦੇ ਡੰਪ ਨਾ ਬਣਾਏ ਜਾਣ। 

ਇਸ ਮੌਕੇ ਡੀ.ਸੀ. ਰਾਜੇਸ਼ ਧੀਮਾਨ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਲੋੜ ਅਨੁਸਾਰ ਸਾਰੀ ਮਸ਼ੀਨਰੀ ਮੁਹੱਈਆ ਕਰਵਾਉਣੀ ਲਾਜ਼ਮੀ ਬਣਾਈ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਇਸ ਮੌਕੇ ਡੀਸੀ ਨੇ ਨੋਡਲ ਅਤੇ ਕਲਸਟਰ ਅਫਸਰਾਂ ਨੂੰ ਕਿਹਾ ਕਿ ਜ਼ੀਰੋ ਬਰਨਿੰਗ ਲਈ ਸਖਤ ਮਿਹਨਤ ਕਰਨੀ ਲਾਜ਼ਮੀ ਬਣਾਉਣ। 

ਇਸ ਮੌਕੇ ਡੀ.ਸੀ. ਨੇ ਐਸਡੀਐਮ ਤਲਵੰਡੀ ਸਾਬੋ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਹਰ ਹਫਤੇ ਪਰਾਲੀ ਪ੍ਰਬੰਧਨ ਸਬੰਧੀ ਨੋਡਲ ਅਤੇ ਕਲੱਸਟਰ ਅਫਸਰਾਂ ਵਲੋਂ ਕੀਤੇ ਗਏ ਕਾਰਜਾਂ ਦੀ ਸਮੀਖਿਆ ਰਿਪੋਰਟ ਤਿਆਰ ਕਰਨੀ ਲਾਜ਼ਮੀ ਬਣਾਉਣ।

ਇਸ ਦੌਰਾਨ ਡੀ.ਸੀ. ਨੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਉਸ ਨੂੰ ਜਮੀਨ ਵਿੱਚ ਹੀ ਮਿਲਾਉਣ ਨੂੰ ਤਰਜ਼ੀਹ ਦੇਣ। ਇਸ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਣੇ ਰਹੇਗੀ ਉਥੇ ਹੀ ਫਸਲ ਦੇ ਝਾੜ ਵਿੱਚ ਵਾਧਾ ਵੀ ਹੋਵੇਗਾ।

ਇਸ ਮੌਕੇ ਐਸਐਸਪੀ ਅਮਨੀਤ ਕੌਂਡਲ ਨੇ ਨੋਡਲ ਅਫਸਰ ਅਤੇ ਕਲੱਸਟਰ ਅਫਸਰਾਂ ਨੂੰ ਕਿਹਾ ਕਿ ਉਹ ਆਪਸੀ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਕਰਨ। ਇਸ ਦੌਰਾਨ ਐਸਐਸਪੀ ਨੇ ਉਨ੍ਹਾਂ ਨੂੰ ਪੁਲਿਸ ਵਿਭਾਗ ਵਲੋਂ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਐਸਡੀਐਮ ਤਲਵੰਡੀ ਸਾਬੋ ਸ਼੍ਰੀ ਪੰਕਜ, ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਤੋਂ ਇਲਾਵਾ ਨੋਡਲ ਅਫਸਰ ਅਤੇ ਕਲੱਸਟਰ ਅਫਸਰ ਆਦਿ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus ( )
Translate