ਪਸੂ ਪਾਲਣ ਵਿਭਾਗ ਫਾਜਿਲਕਾ ਵਲੋਂ ਸਿਵਲ ਪਸ਼ੂ ਹਸਪਤਾਲ ਪੰਜਕੋਸੀ ਵਿਖੇ ਔਰਤਾਂ ਨੂੰ ਪਸ਼ੂ ਪਾਲਣ ਕਿੱਤੇ ਦੀ ਦਿੱਤੀ ਗਈ ਜਾਣਕਾਰੀ

ਫਾਜ਼ਿਲਕਾ 23 ਮਈ
           ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਆਈ ਏ ਐਸ   ਦੇ ਦਿਸ਼ਾ ਨਿਰਦੇਸ਼ ਹੇਠ ਨਾਰੀ ਸ਼ਕਤੀਕਰਨ ਦੇ ਮਨੋਰਥ ਨਾਲ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਫਾਜਿਲਕਾ ਡਾ. ਰਾਜੀਵ ਛਾਬੜਾ  ਦੀ ਯੋਗ ਅਗਵਾਈ ਵਿਚ ਫਾਜ਼ਿਲਕਾ ਦੇ ਸਿਵਲ ਪਸ਼ੂ ਹਸਪਤਾਲ ਪੰਜਕੋਸੀ ਵਿਖੇ ਔਰਤਾਂ ਨੂੰ ਪਸ਼ੂ ਪਾਲਣ ਕਿੱਤੇ ਦੀ ਜਾਣਕਾਰੀ ਦੇਣ ਲਈ  ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
   ਇਸ ਮੋਕੇ ਡਾ. ਰੀਆ ਨੇ ਪੇਟ ਦੇ ਕੀੜਿਆਂ ਨਾਲ ਪਸ਼ੂਆਂ ਨੂੰ ਹੋਣ ਵਾਲੇ ਨੁਕਸਾਨ ਅਤੇ ਪਸ਼ੂਆਂ ਨੂੰ ਸਮੇਂ ਸਮੇਂ ਤੇ ਮਲੱਪ ਰਹਿਤ ਕਰਨ ਬਾਰੇ ਵਿਸਥਾਰ ਪੂਰਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਗਲਤ ਧਾਰਨਾ ਹੈ ਕਿ ਮਿੱਟੀ ਖਾਣ ਨਾਲ ਪੇਟ ਵਿਚ ਮਲੱਪ ਪੈਦਾ ਹੁੰਦੇ ਹਨ ਜਦਕਿ ਅਸਲੀਅਤ ਹੈ ਕਿ ਮਲੱਪਾਂ ਕਾਰਨ ਅਕਸਰ ਪਸ਼ੂ ਮਿੱਟੀ ਖਾਣ ਲੱਗ ਪੈਂਦੇ ਹਨ। ਇਸ ਲਈ ਹਰ ਪਸ਼ੂ ਨੂੰ ਸਮੇਂ ਸਮੇਂ ਤੇ ਮਲੱਪ ਰਹਿਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਨਾਲ ਸਮੇਂ ਸਮੇਂ ਤੇ ਦਵਾਈ ਬਦਲ ਕੇ ਦੇਣੀ ਚਾਹੀਦੀ ਹੈ।
ਡਾ. ਮਨਦੀਪ ਸਿੰਘ ਵੈਟਨਰੀ ਅਫਸਰ ਪੰਜਕੋਸੀ ਨੇ ਚਿੱਚੜਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਅਤੇ ਚਿੱਚੜ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਪਾਲਕ ਪਸ਼ੂਆਂ ਦੇ  ਸਰੀਰ ਤੇ ਦਵਾਈ ਲਾਉਣ ਦੇ ਨਾਲ ਨਾਲ ਸ਼ੈਡ ਤੇ ਦਵਾਈ ਜ਼ਰੂਰ ਲਗਾਉਣ। ਉਨ੍ਹਾਂ ਕਿਹਾ ਕਿ ਪਸ਼ੂ ਦੇ ਆਲੇ ਦੁਆਲੇ ਦਵਾਈ ਦਾ ਛਿੜਕਾਅ ਕਰਨਾ ਵੀ ਜਰੂਰੀ ਹੈ।
ਇਸ ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆ ਡਾ ਰਾਜੀਵ ਛਾਬੜਾ ਨੇ ਦੱਸਿਆ ਕਿ ਇਸ ਪਿੰਡ ਵਿਚ ਪਸ਼ੂਆਂ ਦੀ ਸਾਂਭ ਸੰਭਾਲ ਦਾ ਜਿਆਦਾਤਰ ਕੰਮ ਔਰਤਾਂ ਹੀ ਕਰਦੀਆਂ ਹਨ । ਇਸ ਕਰਕੇ ਹਰ ਮਹੀਨੇ ਕਿਸੇ ਵੱਖ ਵੱਖ ਵਿਸ਼ੇ ਤੇ ਲੈਕਚਰ ਕਰਵਾ ਕੇ ਔਰਤਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਉਹ ਪਸ਼ੂ ਪਾਲਣ ਦੇ ਧੰਦੇ ਨੂੰ ਰੋਜ਼ਗਾਰ ਦਾ ਸਾਧਨ ਬਣਾ ਕੇ ਆਤਮ ਨਿਰਭਰ ਹੋ ਸਕਣ।

CATEGORIES
Share This

COMMENTS

Wordpress (0)
Disqus (0 )
Translate