ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਮੰਡ ਦੇ ਦੋ ਪਿੰਡਾਂ ਨੂੰ ਮੋਟਰ ਬੋਟ ਦਿੱਤੀਆਂ
ਸਾਲ 2008 ਤੋਂ ਹੀ ਮੰਡ ਇਲਾਕੇ ਲਈ ਕਈ ਪਰ ਪਰਉਪਕਾਰ ਕਰ ਚੁੱਕੇ ਹਨ ਸੰਤ ਸੀਚੇਵਾਲ : ਸਰਪੰਚ
ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪਹਿਲਾਂ ਵੀ ਆਪਣੀ ਤਨਖਾਹ ਵਿੱਚੋਂ ਐਕਸਾਵੇਟਰ ਖ੍ਰੀਦ ਚੁੱਕੇ ਹਨ ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 10 ਸਤੰਬਰ
ਹੜ੍ਹਾਂ ਦੋਰਾਨ ਮੰਡ ਇਲਾਕੇ ਵਿੱਚ ਲੋਕਾਂ ਨਾਲ ਪਹਿਲੇ ਦਿਨ ਤੋਂ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਆਪਣੇ ਅਖਤਿਆਰੀ ਫੰਡ ਵਿੱਚੋਂ ਮੰਡ ਇਲਾਕੇ ਦੇ ਦੋ ਪਿੰਡਾਂ ਸਾਂਗਰਾ ਤੇ ਆਹਲੀ ਕਲਾਂ ਨੂੰ ਕਿਸ਼ਤੀਆਂ (ਮੋਟਰ ਬੋਟ) ਦਿੱਤੀਆਂ। ਹੜ੍ਹਾਂ ਦੌਰਾਨ ਖੇਤਾਂ ਵਿੱਚ ਪੰਜ ਤੋਂ ਸੱਤ ਫੁੱਟ ਪਾਣੀ ਹੋਣ ਕਾਰਨ ਜਦੋਂ ਲੋਕਾਂ ਕੋਲ ਆਉਣ ਦਾ ਸਧਾਨ ਸਿਰਫ ਕਿਸ਼ਤੀ ਹੀ ਰਹਿ ਗਿਆਂ ਸੀ ਤਾਂ ਸੰਤ ਸੀਚੇਵਾਲ ਚਾਰ ਪਿੰਡਾਂ ਨੂੰ ਗਰਾਂਟ ਦੇਣ ਦਾ ਐਲਾਨ ਕੀਤਾ ਸੀ। ਮੰਡ ਪਿੰਡ ਦੇ ਚਾਰ ਪਿੰਡਾਂ ਨੂੰ ਦਿੱਤੀਆਂ ਗਰਾਂਟਾਂ ਵਿੱਚ ਦੋ ਪਿੰਡਾਂ ਦੀਆਂ ਕਿਸ਼ਤੀਆਂ ਅੱਜ ਆ ਗਈਆਂ ਹਨ।
ਪਿਛਲੇ ਇੱਕ ਮਹੀਨੇ ਤੋਂ ਇਹਨਾਂ ਪਿੰਡਾਂ ਵਿੱਚ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਵੱਡੇ ਪੱਧਰ ‘ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸੰਤ ਸੀਚੇਵਾਲ ਵੱਲੋਂ ਇਹਨਾਂ ਪਿੰਡਾਂ ਦੀ ਇਸ ਸਮੱਸਿਆ ਦਾ ਹੱਲ ਕਰਦਿਆਂ ਕਿਸ਼ਤੀਆਂ ਲਈ ਗਰਾਂਟਾਂ ਦਿੱਤੀਆਂ ਸਨ। ਜਿਸ ਤਹਿਤ ਅੱਜ ਪਹਿਲੇ ਪੜਾਅ ਦੌਰਾਨ ਇਹਨਾਂ ਦੋ ਪਿੰਡਾਂ ਨੂੰ ਕਿਸ਼ਤੀਆਂ ਦਿੱਤੀਆਂ ਗਈਆਂ।
ਇਸ ਮੌਕੇ ਪਿੰਡ ਸਾਂਗਰਾਂ ਦੇ ਸਰਪੰਚ ਨੇ ਦੱਸਿਆ ਕਿ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਹੀ ਇਸ ਇਲਾਕੇ ਵਿੱਚ ਮਾਈ ਬਾਪ ਵਾਲਾ ਰੋਲ ਅਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਹੀ ਆਪਣੀਆਂ ਕਿਸ਼ਤੀਆਂ ਰਾਹੀਂ ਇਹਨਾਂ ਇਲਾਕਿਆਂ ਦੇ ਪਿੰਡਾਂ ਵਿੱਚ ਘਰ ਘਰ ਪ੍ਰਸ਼ਾਦਾ ਪਾਣੀ ਤੇ ਹੋਰ ਜਰੂਰੀ ਵਸਤਾਂ ਨੂੰ ਪਹੁੰਚਦਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਸੰਤ ਸੀਚੇਵਾਲ ਨੂੰ ਪਿੰਡ ਲਈ ਕਿਸ਼ਤੀ ਦੀ ਮੰਗ ਰੱਖੀ ਗਈ ਸੀ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਇਲਾਕਾ ਕਈ ਹੜ੍ਹਾਂ ਦੀ ਮਾਰ ਝੱਲ ਚੁੱਕਿਆ ਹੈ।
ਇਸੇ ਤਰ੍ਹਾਂ ਪਿੰਡ ਅਹਾਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਸਾਲ 2008 ਤੋਂ ਹੀ ਮੰਡ ਇਲਾਕੇ ਲਈ ਕਈ ਪਰ ਪਰਉਪਕਾਰ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਆਪਣੀ ਤਨਖਾਹ ਵਿੱਚੋਂ ਐਕਸਵੇਟਰ ਮਸ਼ੀਨ ਲੈ ਕੇ ਹੜ੍ਹ ਪੀੜਤ ਇਲਾਕ਼ੇ ਦੇ ਪਿੰਡਾਂ ਨੂੰ ਦਿੱਤੀ ਗਈ ਸੀ ਜਿਸ ਦੀ ਮਦਦ ਨਾਲ ਸਾਲ 2023 ਦੌਰਾਨ ਸ਼ਾਹਕੋਟ ਦੇ ਪਿੰਡਾਂ ਵਿੱਚ ਧੁੱਸੀ ਬੰਨ ਨੂੰ ਮਜਬੂਤ ਤੇ ਉੱਚਾ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਵੀ ਇਹ ਮਸ਼ੀਨ ਮੰਡ ਇਲਾਕੇ ਵਿੱਚ ਟੁੱਟੇ ਬੰਨਾਂ ਨੂੰ ਜੋੜਣ ਤੇ ਐਡਵਾਂਸ ਬੰਨ੍ਹ ਨੂੰ ਮਜਬੂਤ ਕਰਨ ਲਈ ਲੱਗੀ ਹੋਈ ਹੈ। ਉਨਾਂ ਦੱਸਿਆ ਕਿ ਸੰਤ ਸੀਚੇਵਾਲ ਇਸ ਇਲਾਕੇ ਦੀ ਰਗ ਰਗ ਤੋਂ ਜਾਣੂ ਹਨ, ਤੇ ਉਹਨਾਂ ਵੱਲੋਂ ਆਹਲੀ ਕਲਾਂ ਪਿੰਡ ਨੂੰ ਕਿਸ਼ਤੀ ਦੇ ਕੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਜਿਸ ਰਾਹੀਂ ਹੁਣ ਉਹ ਆਸਾਨੀ ਨਾਲ ਕਿਸ਼ਤੀ ਰਾਹੀਂ ਆ ਜਾ ਸਕਦੇ ਹਨ।
ਇਸ ਮੌਕੇ ਸੁਲਤਾਨਪੁਰ ਲੋਧੀ ਦੇ ਬੀਡੀਪੀਓ ਗੁਰਮੀਤ ਸਿੰਘ ਤੇ ਹੋਰ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ। ਤਿੰਨ ਹੋਰ ਪਿੰਡਾਂ ਨੂੰ ਆਉਂਦੇ ਕੁਝ ਦਿਨਾਂ ਵਿੱਚ ਮੋਟਰ ਬੋਟ ਮਿਲ ਜਾਣਗੀਆਂ। ਇਲਾਕੇ ਦੇ ਲੋਕਾਂ ਨੇ ਇਸ ਗੱਲ ਲਈ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ।



