ਮਿਸ਼ਨ ਆਬਾਦ 30 ਤਹਿਤ ਪਿੰਡ ਮੁਹਾਰ ਸੋਨਾ ਵਿਚ ਲਗਾਇਆ ਆਬਾਦ ਸੁਵਿਧਾ ਕੈਂਪ
ਸਰਕਾਰ ਤੁਹਾਡੇ ਦੁਆਰ
—ਪੰਜਾਬ ਸਰਕਾਰ ਨੇ ਦਿੱਤੀਆਂ 29000 ਸਰਕਾਰੀ ਨੌਕਰੀਆਂ—ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
—ਪਿੰਡ ਪਿੰਡ ਪਹੁੰਚ ਕੇ ਅਧਿਕਾਰੀ ਕਰ ਰਹੇ ਹਨ ਲੋਕਾਂ ਦੀਆਂ ਮੁਸਕਿਲਾਂ ਹਲ—ਡਿਪਟੀ ਕਮਿਸ਼ਨਰ
ਫਾਜਿ਼ਲਕਾ, 17 ਮਈ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਪਹੁੰਚ ਕੇ ਪ੍ਰਸ਼ਾਸਨ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਕੌਮਾਂਤਰੀ ਸਰਹੱਦ ਦੇ ਬਿਲਕੁਲ ਨਾਲ ਵਸੇ ਪਿੰਡ ਮੁਹਾਰ ਸੋਨਾ ਵਿਚ ਮਿਸ਼ਨ ਆਬਾਦ 30 ਤਹਿਤ ਆਬਾਦ ਸੁਵਿਧਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ।ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਵੀ ਆਪੋ ਆਪਣੇ ਕਾਊਂਟਰ ਸਥਾਪਿਤ ਕੀਤੇ ਗਏ ਮੌਕੇ ਤੇ ਹੀ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਲਈ ਭਰਤੀ ਕੀਤੀ ਜਾ ਰਹੀ ਹੈ ਅਤੇ ਰਾਜ ਭਰ ਵਿਚ 29000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਦੇ ਵੀ ਕੋਈ 800 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 600 ਯੁਨਿਟ ਮੁਫ਼ਤ ਬਿਜਲੀ ਨਾਲ ਜਿੱਥੇ ਵੱਡੀ ਸਹੁਲਤ ਦਿੱਤੀ ਗਈ ਹੈ ਉਥੇ ਹੀ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ 1500 ਰੁਪਏ ਦੀ ਸਨਮਾਨ ਰਾਸ਼ੀ ਵੀ ਕਿਸਾਨਾਂ ਨੂੰ ਦਿੱਤੀ ਜਾਣੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਵੋਟਾਂ ਲੈਣ ਹੀ ਨਹੀਂ ਬਲਕਿ ਵੋਟਾਂ ਤੋਂ ਬਾਅਦ ਲੋਕਾਂ ਦੇ ਕੰਮ ਕਰਨ ਲਈ ਵੀ ਪਿੰਡ ਪਿੰਡ ਆ ਰਹੇ ਹਾਂ।ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਸਕੂਲ ਅਪਗ੍ਰੇਡ ਕਰਨ, ਬਿਜਲੀ ਗ੍ਰਿਡ ਬਣਾਉਣ, ਆਮ ਆਦਮੀ ਕਲੀਨਿਕ ਖੋਲਣ ਦਾ ਭਰੋਸਾ ਵੀ ਦਿੱਤਾ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਲਈ ਅਧਿਕਾਰੀ ਪਿੰਡ ਪਿੰਡ ਜਾ ਰਹੇ ਹਨ ਜਦ ਕਿ ਉਨ੍ਹਾਂ ਨੇ ਤੁਹਾਡਾ ਪ੍ਰਸ਼ਾਸਨ ਤੁਹਾਡੇ ਨਾਲ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ ਜਿਸ ਰਾਹੀਂ ਫੇਸ ਬੁੱਕ ਰਾਹੀਂ ਵੀ ਲੋਕ ਆਪਣੇ ਜਨਤਕ ਮਸਲੇ ਉਨ੍ਹਾਂ ਤੱਕ ਪਹੁੰਚਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਨ੍ਹਾਂ ਕੈਂਪਾਂ ਵਿਚ ਲੋਕਾਂ ਦੇ ਮਸਲੇ ਮੌਕੇ ਤੇ ਹੱਲ ਕੀਤੇ ਜਾਂਦੇ ਹਨ ਅਤੇ ਜਿੱਥੇ ਪ੍ਰਵਾਨਗੀ ਜਾਂ ਵਿਸਥਾਰਤ ਪ੍ਰੋਜ਼ੈਕਟ ਦੀ ਜਰੂਰਤ ਹੁੰਦੀ ਹੈ ਉਹ ਕੰਮ ਪਿੰਡ ਵਾਲਿਆਂ ਦੀ ਮੰਗ ਅਨੁਸਾਰ ਦਫ਼ਤਰੀ ਕਾਰਜਪ੍ਰਣਾਲੀ ਅਨੁਸਾਰ ਪੂਰਾ ਕੀਤਾ ਜਾਂਦਾ ਹੈ।
ਇਸ ਮੌਕੇ ਐਸਪੀ ਸ੍ਰੀ ਮੋਹਨ ਲਾਲ, ਡੀਐਸਪੀ ਸ੍ਰੀ ਸੁਬੇਗ ਸਿੰਘ, ਤਹਿਸੀਲਦਾਰ ਸ੍ਰੀ ਸੁਖਦੇਵ ਸਿੰਘ, ਬੀਡੀਪੀਓ ਸ੍ਰੀ ਕਮਲਜੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।