ਪੰਜਾਬ ਸਰਕਾਰ ਦੀ ਟੀਬੀ ਮੁਕਤ ਸੂਬੇ ਦੀ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ, ਕਰਤਾਰਪੁਰ ਦੇ 5 ਪਿੰਡ ਟੀਬੀ ਮੁਕਤ ਐਲਾਨੇ

ਕਰਤਾਰਪੁਰ 25 ਅਗਸਤ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ “ਟੀਬੀ ਮੁਕਤ ਪੰਜਾਬ” ਦੇ ਅਹਿਮ ਮਨਸੂਬੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਪੁਲਾਂਘ ਪੁੱਟਦਿਆਂ, ਕਰਤਾਰਪੁਰ ਬਲਾਕ ਦੇ ਪੰਜ ਪਿੰਡਾਂ ਨੂੰ ਤਪਦਿਕ (ਟੀਬੀ) ਤੋਂ ਮੁਕਤ ਐਲਾਨਿਆ ਹੈ। ਇਹ ਇਤਿਹਾਸਕ ਪ੍ਰਾਪਤੀ ਸਿਹਤ ਵਿਭਾਗ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ, ਜੋ ਇੱਕ ਸਿਹਤਮੰਦ ਅਤੇ ਬਿਮਾਰੀ-ਰਹਿਤ ਸਮਾਜ ਦੀ ਸਿਰਜਣਾ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਪ੍ਰਾਪਤੀ ਤਹਿਤ ਪਿੰਡ ਅਵਾਦਾਨ, ਗੋਨਾ ਚੱਕ, ਪਵਾਰ, ਐਮਾ ਕਾਜ਼ੀ ਅਤੇ ਤਲਵੰਡੀ ਝੰਡੇਰ ਨੂੰ ਟੀਬੀ ਮੁਕਤ ਐਲਾਨਿਆ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿਛਲੇ ਦੋ ਸਾਲਾਂ ਦੌਰਾਨ ਇਨ੍ਹਾਂ ਪਿੰਡਾਂ ਵਿੱਚ ਟੀਬੀ ਦਾ ਕੋਈ ਵੀ ਨਵਾਂ ਮਰੀਜ਼ ਨਹੀਂ ਮਿਲਿਆ। ਇਸ ਤੋਂ ਇਲਾਵਾ, ਬਲਾਕ ਵਿੱਚ ਪਿਛਲੇ ਸਾਲ ਦੌਰਾਨ 388 ਟੀਬੀ ਦੇ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਯਾਬ ਕੀਤਾ ਗਿਆ ਹੈ।

ਇਸ ਮੌਕੇ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਨੇ ਕਿਹਾ ਕਿ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੇ ਵਿਜ਼ਨ ਅਨੁਸਾਰ ਪੰਜਾਬ ਨੂੰ ਟੀਬੀ ਮੁਕਤ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਰਤਾਰਪੁਰ ਬਲਾਕ ਦੇ ਪਿੰਡਾਂ ਨੂੰ ਟੀਬੀ ਮੁਕਤ ਘੋਸ਼ਿਤ ਕੀਤਾ ਜਾਣਾ ਸਾਡੇ ਸਿਹਤ ਕਰਮਚਾਰੀਆਂ ਦੀ ਕਠਿਨ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਦਾ ਸਾਫ਼ ਸਬੂਤ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਹੁਣ ਹੋਰ ਬਲਾਕਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ ਤਾਂ ਜੋ ਪੂਰੇ ਪੰਜਾਬ ਨੂੰ ਟੀਬੀ ਤੋਂ ਮੁਕਤ ਬਣਾਇਆ ਜਾ ਸਕੇ।

ਇਹ ਸਫਲਤਾ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (NTEP) ਤਹਿਤ ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰੀਤੂ ਦਾਦਰਾ ਦੇ ਮਾਰਗਦਰਸ਼ਨ ਹੇਠ ਅਪਣਾਈ ਗਈ ਇੱਕ ਵਿਆਪਕ ਰਣਨੀਤੀ ਦਾ ਨਤੀਜਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਪੂਨਮ ਸੇਖੜੀ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਨੇ ਇਹ ਟੀਚਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹੈਲਥ ਅਫ਼ਸਰਾਂ (CHOs) ਅਤੇ ਆਸ਼ਾ ਵਰਕਰਾਂ ਨੇ ਘਰ-ਘਰ ਜਾ ਕੇ ਸਕ੍ਰੀਨਿੰਗ ਕੀਤੀ ਅਤੇ ਦੋ ਹਫ਼ਤਿਆਂ ਤੋਂ ਵੱਧ ਖੰਘ, ਸਰੀਰਕ ਥਕਾਵਟ ਜਾਂ ਬਲਗਮ ਵਿੱਚ ਖੂਨ ਆਉਣ ਵਰਗੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੇ ਟੈਸਟ ਅਤੇ ਇਲਾਜ ਨੂੰ ਯਕੀਨੀ ਬਣਾਇਆ।

ਇਸ ਮੁਹਿੰਮ ਦੀ ਸਫਲਤਾ ਪਿੱਛੇ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦਾ ਵੀ ਵੱਡਾ ਯੋਗਦਾਨ ਹੈ। ਸਰਕਾਰ ਵੱਲੋਂ ਟੀਬੀ ਮਰੀਜ਼ਾਂ ਦਾ ਇਲਾਜ, ਦਵਾਈਆਂ ਅਤੇ ਸਾਰੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਇਲਾਜ ਦੌਰਾਨ ਮਰੀਜ਼ਾਂ ਦੀ ਖੁਰਾਕ ਦਾ ਧਿਆਨ ਰੱਖਣ ਲਈ ਪ੍ਰਤੀ ਮਹੀਨਾ ₹1000 ਦੀ ਵਿੱਤੀ ਸਹਾਇਤਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ। ਨਿਕਸ਼ੇ ਪੋਰਟਲ ਰਾਹੀਂ ਮਰੀਜ਼ਾਂ ਦੇ ਇਲਾਜ, ਦਵਾਈਆਂ ਅਤੇ ਟੈਸਟਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਦੀ ਹੈ। ਇਸ ਤੋਂ ਇਲਾਵਾ, ਇਲਾਜ ਕਰਵਾ ਕੇ ਟੀਬੀ ਨੂੰ ਮਾਤ ਦੇ ਚੁੱਕੇ “ਟੀਬੀ ਚੈਂਪੀਅਨ” ਮੌਜੂਦਾ ਮਰੀਜ਼ਾਂ ਨੂੰ ਹੌਸਲਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਦਵਾਈਆਂ ਦਾ ਪੂਰਾ ਕੋਰਸ ਕਰਨ ਲਈ ਪ੍ਰੇਰਿਤ ਕਰਦੇ ਹਨ।

ਸਿਹਤ ਵਿਭਾਗ ਦੇ ਮਾਸ ਮੀਡੀਆ ਅਤੇ ਐਜੂਕੇਸ਼ਨ ਵਿੰਗ ਨੇ ਵੀ ਟੀਬੀ ਵਰਗੀ ਸੰਚਾਰੀ ਬਿਮਾਰੀ ਬਾਰੇ ਜਨ-ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨੁੱਕੜ ਨਾਟਕ, ਸੈਮੀਨਾਰ ਅਤੇ ਪੰਚਾਇਤਾਂ ਨਾਲ ਮੀਟਿੰਗਾਂ ਰਾਹੀਂ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਨੇ ਲੋਕਾਂ ਨੂੰ ਸਮੇਂ ਸਿਰ ਜਾਂਚ ਕਰਵਾਉਣ ਅਤੇ ਇਲਾਜ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ ਹੈ।

ਪੰਜਾਬ ਸਰਕਾਰ ਇਸੇ ਮਿਸ਼ਨਰੀ ਭਾਵਨਾ ਨਾਲ ਕੰਮ ਕਰਦੇ ਹੋਏ ਅਤੇ ਲੋਕਾਂ ਦੇ ਸਹਿਯੋਗ ਨਾਲ ਪੂਰੇ ਸੂਬੇ ਨੂੰ ਟੀਬੀ ਮੁਕਤ ਕਰਨ ਦੇ ਆਪਣੇ ਟੀਚੇ ਵੱਲ ਲਗਾਤਾਰ ਵੱਧ ਰਹੀ ਹੈ।

CATEGORIES
Share This

COMMENTS

Wordpress (0)
Disqus ( )
Translate