ਨਰਮੇ ਦੇ ਬੀਟੀ ਬੀਜਾਂ ਤੇ ਸਬਸਿਡੀ ਲਈ 31 ਮਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ—ਡਿਪਟੀ ਕਮਿਸ਼ਨਰ
—ਕਿਸਾਨਾਂ ਨੂੰ ਨਰਮੇ ਲਈ ਮਿਲੇਗਾ ਨਿਯਮਤ ਨਹਿਰੀ ਪਾਣੀ
ਫਾਜਿ਼ਲਕਾ, 13 ਮਈ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਨੋਂ ਕਿਸਾਨਾਂ ਨੂੰ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀਟੀ ਬੀਜਾਂ ਤੇ ਸਬਸਿਡੀ ਲਈ ਸਰਕਾਰ ਨੇ ਆਨਲਾਈਨ ਅਪਲਾਈ ਕਰਨ ਲਈ 31 ਮਈ 2023 ਤੱਕ ਮਿਆਦ ਵਧਾ ਦਿੱਤੀ ਹੈ। ਇਸ ਲਈ ਕਿਸਾਨ ਵੀਰ ਜਿਆਦਾ ਤੋਂ ਜਿਆਦਾ ਰਕਬੇ ਵਿਚ ਨਰਮੇ ਦੀ ਕਾਸਤ ਕਰਨ ਅਤੇ ਇਸ ਲਈ ਵਿਭਾਗ ਦੇ ਆਨਲਾਈਨ ਪੋਰਟਲ https://agrimachinerypb.com/ ਤੇ ਜਾ ਕੇ ਸਬਸਿਡੀ ਲਈ ਵੀ ਆਪਣੀ ਅਰਜੀ ਦੇਣ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਰਮੇ ਤੇ ਬਾਗਾਂ ਲਈ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰਾਜ ਵਿਚ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਰਮੇ ਦੀ ਕਾਸਤ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨ ਸਰਕਾਰ ਨਾਲ ਜ਼ੁੜ ਕੇ ਨਰਮੇ ਦੀ ਕਾਸਤ ਹੇਠ ਰਕਬਾ ਵਧਾਉਣ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ ਨਾਲ ਮਿਆਰੀ ਖਾਦਾਂ ਤੇ ਹੋਰ ਇਨਪੁੱਟ ਵੀ ਮੁਹਈਆ ਹੋਣਗੇ ਅਤੇ ਗੈਰ ਮਿਆਰੀ ਸਮਾਨ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਓਧਰ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਜੰਗੀਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਨਰਮੇ ਦੀ ਬਿਜਾਈ ਲਈ ਢੁੱਕਵਾਂ ਸਮਾਂ ਚੱਲ ਰਿਹਾ ਹੈ ਅਤੇ ਕਿਸਾਨ ਬਿਨ੍ਹਾਂ ਦੇਰੀ ਨਰਮੇ ਦੀ ਬਿਜਾਈ ਮੁਕੰਮਲ ਕਰਨ। ਉਨ੍ਹਾਂ ਨੇ ਕਿਹਾ ਕਿ ਨਰਮੇ ਦੀਆਂ ਕੇਵਲ ਸਿਫਾਰਸ਼ ਸੁਦਾ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ ਅਤੇ ਸਬਸਿਡੀ ਕੇਵਲ ਸਿਫਾਰਸ਼ਸੁਦਾ ਕਿਸਮਾਂ ਤੇ ਹੀ ਮਿਲੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਵਿਚ ਵੀ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਇਕ ਕਿਸਮ ਦਾ ਬੀਜ ਬੀਜਣ ਦੀ ਬਜਾਏ ਦੋ —ਤਿੰਨ ਕਿਸਮਾਂ ਦਾ ਬੀਜ ਆਪਣੇ ਖੇਤਾਂ ਵਿਚ ਵੰਡ ਕੇ ਲਗਾਉਣ।