ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਫਾਜਿਲਕਾ ਦੇ ਕਾਮਿਆਂ ਵੱਲੋਂ ਕੀਤੀ ਗਈ ਗੇਟ ਰੈਲੀ

ਮੰਗਾਂ ਦੀ ਪੂਰਤੀ ਨਾ ਕਰਨ ਸਬੰਧੀ ਪੰਜਾਬ ਸਰਕਾਰ ਵਿਰੁੱਧ ਕੀਤੀ ਗਈ ਨਾਅਰੇਬਾਜੀ
ਪੁਰਾਣੀ ਪੈਨਸ਼ਨ ਬਹਾਲ ਕਰਨਾ ਮੁਲਾਜਮਾਂ ਦੀ ਸਭ ਤੋਂ ਵੱਡੀ ਤੇ ਜ਼ਰੂਰੀ ਮੰਗ
ਫਾਜ਼ਿਲਕਾ, 28 ਅਪ੍ਰੈਲ
ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਜਿਲ੍ਹਾ ਫਾਜਿਲਕਾ ਵੱਲੋਂ ਅਮਰਜੀਤ ਚਾਵਲਾ ਜਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ ਜਿਲ੍ਹਾ ਫਾਜਿਲਕਾ ਅਤੇ ਸੁਖਦੇਵ ਚੰਦ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ ਅਤੇ ਸਰਪ੍ਰਸਤ ਹਰਭਜਨ ਖੁੰਗਰ ਦੀ ਪ੍ਰਧਾਨਗੀ ਹੇਠ ਕਲੈਰੀਕਲ ਕਾਮਿਆਂ ਵੱਲੋਂ ਗੇਟ ਰੈਲੀ ਕੀਤੀ ਗਈ । ਮੰਗਾਂ ਦੀ ਪੂਰਤੀ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਡੀ.ਸੀ ਦਫਤਰ ਦੇ ਗੇਟ ਅੱਗੇ ਗੇਟ ਰੈਲੀ ਕੀਤੀ ਗਈ ਜਿਸ ਵਿਚ ਜਿਲ੍ਹਾ ਭਰ ਦੇ ਵੱਖ-ਵੱਖ ਦਫਤਰ ਤੋਂ ਮਨਿਸਟਿਰੀਅਲ ਕਾਮਿਆਂ ਨੇ ਭਾਗ ਲਿਆ ਇਸ ਵਿਚ ਵੱਡੀ ਗਿਣਤੀ ਵਿਚ ਇਸਤਰੀ ਮੁਲਾਜਮ ਵੀ ਸ਼ਾਮਿਲ ਹੋਈਆਂ। ਇਸ ਮੌਕੇ ਡੀਸੀ ਦਫਤਰ ਦੇ ਕਲੈਰੀਕਲ ਸਾਥੀਆਂ ਵੱਲੋਂ ਵੀ ਸਮੂਲੀਅਤ ਕੀਤੀ ਗਈ।
ਅੱਜ ਦੀ ਗੇਟ ਰੈਲੀ ਨੂੰ ਸੰਬੋਧਣ ਕਰਦਿਆ ਜਿਲ੍ਹਾ ਪਰਧਾਨ ਅਮਰਜੀਤ ਸਿੰਘ ਚਾਵਲਾ ਅਤੇ ਸੁਖਦੇਵ ਚੰਦ ਜਨਰਲ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਆਉਂਦੇ ਸਾਰੇ ਮੁਲਾਜਮਾਂ ਦੀਆਂ ਮੰਗਾਂ ਦਾ ਹਲ ਕੀਤਾ ਜਾਵੇਗਾ ਜਿਸ ਵਿਚ ਸਭ ਤੋਂ ਜ਼ਰੂਰੀ ਤੇ ਲੋੜੀਂਦੀ ਮੰਗ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਪੁਰਾਣੀ ਪੈਨਸ਼ਨ ਬਹਾਲੀ ਦੀ ਅਧੂਰੀ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤੀ ਗਈ ਪਰ ਹਾਲੇ ਤੱਕ ਨਾ ਤਾਂ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ ਤੇ ਨਾ ਹੀ ਉਸਦੀ ਅਗਲੀ ਕਾਰਵਾਈ ਕੋਈ ਆਰੰਭੀ ਗਈ।
ਸਰਕਾਰ ਵੱਲੋਂ ਸਤਾ ਵਿਚ ਆਉਣ ਤੋਂ ਬਾਅਦ ਇਕ ਵੀ ਫੈਸਲਾ ਮੁਲਾਜਮਾਂ ਦੇ ਹਿਤ ਵਿਚ ਨਹੀਂ ਕੀਤਾ ਗਿਆ। ਫੈਸਲਾ ਤਾਂ ਕੀ ਕਰਨਾ ਸਰਕਾਰ ਜਥੇਬੰਦੀਆਂ ਨਾਲ ਮੀਟਿੰਗਾਂ ਕਰਨ ਤੋਂ ਵੀ ਭਜ ਰਹੀ ਹੈ। ਸਰਕਾਰ ਵੱਲੋਂ ਵੋਟਾ ਲੈਣ ਵੇਲੇ ਮੁਲਾਜਮਾ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੁਲਾਜਮਾਂ ਦੀ ਹੋਰ ਮੰਗਾਂ ਜਿਸ ਵਿਚ ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇਗਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਜਾਇਜ ਮੰਗਾਂ ਨੂੰ ਜਲਦ ਬਹਾਲ ਕੀਤਾ ਜਾਵੇਗਾ। ਸਰਕਾਰ ਦੇ ਇਕ ਸਾਲ ਤੋਂ ਜਿਆਦਾ ਪੂਰੇ ਹੋਣ ਤੱਕ ਹਾਲੇ ਤੱਕ ਸਰਕਾਰ ਵੱਲੋਂ ਮੁਲਾਜਮਾਂ ਪੱਖੀ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜਮ ਵਰਗ ਹੁਣ ਸਖਤ ਕਦਮ ਚੁੱਕਣ ਤੇ ਮਜਬੂਰ ਹੋ ਗਿਆ ਹੈ।ਸਮੂਹ ਕਲੈਰੀਕਲ ਕਾਮਿਆਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ।
ਉਨ੍ਹਾ ਕਿਹਾ ਕਿ ਜੇ ਸਰਕਾਰ ਨੇ ਮੁਲਾਜਮਾਂ ਦੀਆਂ ਜਾਇਜ ਮੰਗਾਂ ਨਾ ਮੰਨਿਆ ਤਾਂ ਸੂਬਾ ਫੈਸਲੇ ਅਨੁਸਾਰ ਭਵਿੱਖ ਵਿਚ ਹੋਰ ਸਖਤ ਕਦਮ ਚੁੱਕੇ ਜਾਣਗੇ।
ਇਸ ਮੌਕੇ ਡੀ.ਸੀ. ਦਫਤਰ ਯੁਨੀਅਨ ਤੋਂ ਪ੍ਰਧਾਨ ਅਸ਼ੋਕ ਕੁਮਾਰ, ਰਾਜ ਕੁਮਾਰ ਤੋਂ ਇਲਾਵਾ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।


