ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰਣ ਹਰਨਵਦੀਪ ਕੌਰ ਨੂੰ 5 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਪੱਤਰ ਦੇ ਕੀਤਾ ਸਨਮਾਨਿਤ : ਡਿਪਟੀ ਕਮਿਸ਼ਨਰ
· ਖੇਡਾਂ ਵਿੱਚ ਅੱਗੇ ਹੋਰ ਮੱਲ੍ਹਾ ਮਾਰਨ ਲਈ ਕੀਤਾ ਪ੍ਰੇਰਿਤ
· ਖੇਡਾਂ ਵਿੱਚ ਸਭ ਤੋਂ ਛੋਟੀ ਉਮਰ ਚ ਭਾਗ ਲੈਣ ਦਾ ਮਾਣ ਪ੍ਰਾਪਤ ਹੈ ਇਸ ਖਿਡਾਰਨ ਨੂੰ
ਬਠਿੰਡਾ, 27 ਅਪ੍ਰੈਲ : ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਖਿਡਾਰਣ (ਸ਼ੂਟਿੰਗ ਖੇਡ) ਹਰਨਵਦੀਪ ਕੌਰ ਨੇ ਖੇਡਾਂ ਵਿੱਚ ਮੱਲ੍ਹਾ ਮਾਰ ਕੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਜ਼ਿਲ੍ਹੇ ਤੇ ਪੰਜਾਬ ਦਾ ਵੀ ਚਮਕਾਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੌਜਵਾਨ ਖਿਡਾਰਣ ਨੂੰ ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਤੇ ਖੇਡ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 5 ਲੱਖ ਰੁਪਏ ਦੀ ਨਗਦ ਰਾਸ਼ੀ ਇਨਾਮ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਖਿਡਾਰਣ ਹਰਨਵਦੀਪ ਕੌਰ ਬੀਐਸਸੀ ਨਰਸਿੰਗ ਕੋਰਸ ਦੀ ਪਹਿਲੇ ਸਾਲ ਦੀ ਵਿਦਿਆਰਥਣ ਹੈ। ਇਤਿਹਾਸਕ ਨਗਰੀ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਚ ਮਾਤਾ ਸਰਦਾਰਨੀ ਮਨਦੀਪ ਕੌਰ ਖੋਖਰ ਦੀ ਕੁੱਖੋਂ 4 ਜਨਵਰੀ 2005 ਨੂੰ ਜਨਮ ਲੈਣ ਵਾਲੀ ਹਰਨਵਦੀਪ ਕੌਰ ਬਚਪਨ ਤੋਂ ਹੀ ਖੇਡਾਂ ਵਿਚ ਰੁਚੀ ਰੱਖਦੇ ਸਨ। ਇਸ ਹੋਣਹਾਰ ਖਿਡਾਰਨ ਨੇ ਖੇਡਾਂ ਨਾਲ ਕੋਈ ਵੀ ਪਰਿਵਾਰਕ ਪਿਛੋਕੜ ਨਾ ਹੋਣ ਦੇ ਬਾਵਜੂਦ ਵੀ ਸ਼ੂਟਿੰਗ ਖੇਡ ਵਿੱਚ ਆਪਣੀ ਮਿਹਨਤ ਤੇ ਲਗਨ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਅਨੇਕਾਂ ਮੈਡਲ ਜਿੱਤ ਕੇ ਨਾਮਣਾ ਖੱਟਿਆ ਹੈ।
ਦਿ ਮਿਲੇਨੀਅਮ ਸਕੂਲ ਬਠਿੰਡਾ ਤੋਂ ਦਸਵੀਂ ਜਮਾਤ ਤੱਕ ਪੜਨ ਵਾਲੀ ਹਰਨਵਦੀਪ ਕੌਰ ਨੇ ਸ਼ੂਟਿੰਗ ਖੇਡ ਦੇ ਮੁੱਢਲੇ ਗੁਰ ਕੋਚ ਸ਼੍ਰੀ ਸੂਰਜ ਕੁਮਾਰ ਤੋਂ ਸੱਤਵੀਂ ਜਮਾਤ ਵਿੱਚ ਪੜਦਿਆਂ ਹੀ ਸਿੱਖੇ ਤੇ ਪਹਿਲੇ ਸਾਲ 2017 ਵਿੱਚ ਜ਼ਿਲ੍ਹਾ ਤੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਅੱਵਲ ਆਉਂਦਿਆਂ ਪੰਜਾਬ ਸਟੇਟ ਵੱਲੋਂ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ, ਨਵੀਂ ਦਿੱਲੀ ਵੱਲੋਂ ਕਰਵਾਈ ਸ਼ੂਟਿੰਗ ਚੈਂਪੀਅਨਸ਼ਿਪ, ਕੇਰਲਾ ਵਿੱਚ ਬਹੁਤ ਵਧੀਆ ਸਕੋਰ ਹਾਸਲ ਕਰਦਿਆਂ ਸਭ ਤੋਂ ਪਹਿਲੀਆਂ ਖੇਲੋ ਇੰਡੀਆ ਸਕੂਲ ਖੇਡਾਂ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਭਾਗ ਲੈਣ ਵਾਲੀ ਖਿਡਾਰਨ ਦਾ ਮਾਣ ਵੀ ਪ੍ਰਾਪਤ ਕੀਤਾ।
ਹਰਨਵਦੀਪ ਕੌਰ ਨੇ ਮੈਡਮ ਵੀਰਪਾਲ ਕੌਰ ਨਿੱਝਰ ਤੋਂ ਖੇਡ ਦੀਆਂ ਬਾਰੀਕੀਆਂ ਸਿੱਖਦਿਆਂ ਹਰ ਰੋਜ਼ ਅੱਠ ਘੰਟਿਆਂ ਦੀ ਸਿਰਤੋੜ ਮਿਹਨਤ ਸਦਕਾ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਖੇਡਦਿਆਂ ਯੂਥ, ਜੂਨੀਅਰ ਤੇ ਸੀਨੀਅਰ ਕੈਟਾਗਰੀ ਵਿੱਚ ਅਨੇਕਾਂ ਮੈਡਲ ਆਪਣੇ ਨਾਂ ਕੀਤੇ। ਸੈਸ਼ਨ 2022-23 ਵਿੱਚ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਵੱਲੋਂ ਕਰਵਾਈ ਚੈਂਪੀਅਨਸ਼ਿਪ ਵਿੱਚ ਵਧੀਆ ਸਕੋਰ ਕਰਦਿਆਂ ਨੈਸ਼ਨਲ ਸੁਕੈਅਡ 10 ਮੀਟਰ ਏਅਰ ਪਿਸਟਲ ਵਿਚ ਸਥਾਨ ਬਣਾਇਆ ਤੇ ਆਪਣੀ ਰੈਂਕਿੰਗ ਤੇ ਆਧਾਰਿਤ ਨੈਸ਼ਨਲ ਰੈਂਕਿੰਗ ਵਿੱਚ ਜਗਾ ਬਣਾਈ।
ਸਾਲ 2022 ਵਿੱਚ ਪੰਜਾਬ ਸਟੇਟ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਚੈਂਪੀਅਨਸ਼ਿਪ ਵਿੱਚ ਸੀਨੀਅਰ ਕੈਟਾਗਰੀ ਵਿੱਚ ਖੇਡਦਿਆਂ ਪਹਿਲਾਂ ਸਥਾਨ ਪ੍ਰਾਪਤ ਕਰਦਿਆਂ ਗੋਲਡ ਮੈਡਲ ਜਿੱਤਿਆ ਤੇ ਆਪਣੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ, ਜ਼ਿਲ੍ਹਾ ਬਠਿੰਡਾ ਦਾ ਨਾਮ ਰੋਸ਼ਨ ਕੀਤਾ। ਪੰਜਾਬ ਸਟੇਟ ਸ਼ੂਟਿੰਗ ਰੈਂਕਿੰਗ ਵਿੱਚ ਪਹਿਲੇ ਸਥਾਨ ਤੇ ਹੋਣ ਕਾਰਨ ਹਰਨਵਦੀਪ ਕੌਰ ਦੀ ਚੋਣ ਭਾਰਤ ਦੀਆਂ ਸਭ ਤੋਂ ਵੱਕਾਰੀ ਖੇਡਾਂ ਨੈਸ਼ਨਲ ਗੇਮਸ 2022 ਵਿੱਚ ਹੋਈ ਤੇ ਹਰਨਵਦੀਪ ਕੌਰ ਨੇ ਨੈਸ਼ਨਲ ਗੇਮਸ 2022 ਗੁਜਰਾਤ ਵਿੱਚ ਸੀਨੀਅਰ ਕੈਟਾਗਰੀ ਵਿੱਚ 10 ਮੀਟਰ ਏਅਰ ਪਿਸਟਲ ਮਿਕਸ ਟੀਮ ਵਿਚ ਖੇਡਦਿਆਂ ਉੱਤਰ ਪ੍ਰਦੇਸ਼ ਦੀ ਸੀਨੀਅਰ ਟੀਮ ਨੂੰ ਵਧੀਆ ਸਕੋਰਾਂ ਨਾਲ ਮਾਤ ਦਿੰਦਿਆਂ ਗੋਲਡ ਮੈਡਲ ਜਿੱਤ ਕੇ ਪੰਜਾਬ ਸਟੇਟ ਦਾ ਨਾਂ ਪੂਰੇ ਦੇਸ਼ ਵਿਚ ਚਮਕਾਇਆ।
ਸਾਲ 2022 ਵਿੱਚ ਹੀ ਨੈਸ਼ਨਲ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ, ਨਵੀਂ ਦਿੱਲੀ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਯੂਥ ਟੀਮ ਵਿਚ ਖੇਡਦਿਆਂ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਦੱਖਣੀ ਕੋਰੀਆ ਦੀ ਮੇਜ਼ਬਾਨ ਟੀਮ ਨੂੰ ਉਨ੍ਹਾਂ ਦੇ ਹੀ ਖੇਡ ਮੈਦਾਨ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਦਿਆਂ ਆਪਣੀ ਮਿਹਨਤ ਦਾ ਲੋਹਾ ਮਨਵਾਇਆ।
CATEGORIES ਖੇਡਾਂ