ਨਗਰ ਕੌਂਸਲ ਨੇ ਮਨਾਇਆ ਵਿਸ਼ਵ ਧਰਤੀ ਦਿਵਸ

ਫਾਜ਼ਿਲਕਾ 22 ਅਪ੍ਰੈਲ

ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਮੰਗਤ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਦੌਰਾਨ ਨਗਰ ਕੌਂਸਲ ਵੱਲੋਂ ਜ਼ਮੀਨ ਅਤੇ ਵਾਤਾਵਰਨ ਦੀ ਖੂਬਸੂਰਤੀ ਤੇ ਸਿਹਤਯਾਬੀ ਨੂੰ ਬਰਕਰਾਰ ਰੱਖਣ ਲਈ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਕੁਦਰਤ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਸਮੇਂ ਦੇ ਨਾਲ ਨਵੀਆਂ ਚੁਣੌਤੀਆਂ ਦੇ ਵਿਚਕਾਰ ਕੁਦਰਤ ਅਤੇ ਧਰਤੀ ਨੂੰ ਬਚਾਉਣ ਦੀ ਲੋੜ ਹੈ। ਧਰਤੀ ਦਿਵਸ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ ਤਾਂ ਜੋ ਵਿਕਾਸ ਦੀ ਦੌੜ ਵਿੱਚ ਵਾਤਾਵਰਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਧੁੰਦਲੀ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਧਰਤੀ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਪੂਰਾ ਜਾਗਰੂਕ ਹੋਣ ਦੀ ਲੋੜ ਹੈ, ਤਾਂ ਹੀ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਭੇਟ ਕਰ ਸਕਦੇ ਹਾਂ।ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। 

ਕਾਰਜ ਸਾਧਕ ਅਫਸਰ ਮੰਗਤ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਸੇਵਾ ਕੇਂਦਰ ਵਰਗੇ ਜਨਤਕ ਖੇਤਰ ਵਿੱਚ ਕੰਪੋਸਟ ਸਟਾਲ ਦਾ ਆਯੋਜਨ ਕੀਤਾ ਗਿਆ ਜਿੱਥੇ ਲੋਕਾਂ ਨੂੰ 100 ਕਿਲੋਗ੍ਰਾਮ ਤੋਂ ਜ਼ਿਆਦਾ ਕੰਪੋਸਟ ਮੁਫਤ ਵਿੱਚ ਵੰਡੀ ਗਈ ਅਤੇ ਗਿੱਲੇ ਕੂੜੇ ਨੂੰ ਵੱਖ ਕਰਨ ਅਤੇ ਸਾਈਟ ‘ਤੇ ਖਾਦ ਬਣਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਕੈਲਾਸ ਨਗਰ ਵਰਗੇ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਕੰਪੋਸਟ ਖਾਦ ਬਾਰੇ ਜਾਗਰੂਕ ਕੀਤਾ ਗਿਆ। ਜਨਤਕ ਅਤੇ ਵਪਾਰਕ ਖੇਤਰਾਂ ਵਿੱਚ ਪੌਦਿਆਂ ਨੂੰ ਖਾਦ ਅਤੇ ਪਾਣੀ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਧੋਬੀ ਘਾਟ ਵਿੰਡੋਰਵਜ਼ ਯੂਨਿਟ ਤੋਂ ਜੈਵਿਕ ਖਾਦ ਨੂੰ ਫਿਲਟਰ ਕੀਤਾ ਗਿਆ ਹੈ।

ਇਸ ਮੌਕੇ ਸੀਐਸਆਈ ਨਰੇਸ਼ ਕੁਮਾਰ ਖੇੜਾ,ਸੀਐਫ ਪਵਨ ਕੁਮਾਰ, ਸੀਐਫ ਗੁਰਵਿੰਦਰ ਸਿੰਘ, ਐਮਵੀ ਸਾਹਿਲ ਕੁਮਾਰ ਤੇ ਦਵਿੰਦਰ ਪ੍ਰਕਾਸ਼, ਰਾਜ ਕੁਮਾਰੀ, ਬੇਬੀ ਕਨੋਜ, ਸੰਨੀ ਕੁਮਾਰ ਅਤੇ ਮਾਤੇ ਨਟਵਰ ਤੇ ਮੇਟ ਨਾਨਕ ਵੀ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate