ਸੇਫ ਸਕੂਲ ਵਾਹਨ ਪਾਲਸੀ : ਐਸ.ਡੀ.ਐਮ. ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ ਮੁਹਿੰਮ ਦੇ ਨਿਰਦੇਸ਼
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ, ਸ. ਕੰਵਰਜੀਤ ਸਿੰਘ ਵੱਲੋਂ ਇੱਥੇ ਆਪਣੇ ਦਫ਼ਤਰ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਟ੍ਰੈਫਿਕ ਪੁਲੀਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਅਕਸਰ ਹੀ ਸਕੂਲੀ ਬੱਸਾਂ ਦੇ ਡਰਾਈਵਰਾਂ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀਆਂ ਉਲੰਘਨਾਵਾਂ ਕਰਕੇ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਚਿਆਂ ਦੇ ਵਾਹਨਾਂ ਦੇ ਲੋੜੀਂਦੇ ਮਾਪਦੰਡ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲ ਮੁਖੀ ਹੀ ਬੱਚਿਆਂ ਦੇ ਸੁਰੱਖਿਅਤ ਟਰਾਂਸਪੋਰਟੇਸ਼ਨ ਲਈ ਜਿੰਮੇਵਾਰ ਹੈ।
ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਸਪੀਡ ਗਵਰਨਰ ਲੱਗੇ ਹੋਣੇ ਚਾਹੀਦੇ ਹਨ, ਸਕੂਲੀ ਬੱਸ ਵਿੱਚ ਲੇਡੀ ਅਟੈਂਡੈਟ ਦਾ ਹੋਣਾ ਜਰੂਰੀ ਹੈ, ਸ਼ੀਸ਼ੇ ਪਾਰਦਰਸ਼ੀ ਹੋਣੇ ਚਾਹੀਦੇ ਹਨ, ਸਕੂਲੀ ਬੱਸਾਂ ਦੀਆਂ ਸੀਟਾਂ ਵੀ ਆਮ ਬੱਸ ਵਾਂਗ ਹੀ ਹੋਣੀਆਂ ਚਾਹੀਦੀਆਂ ਹਨ, ਸਕੂਲੀ ਬੱਸਾਂ ਵਿੱਚ ਫਸਟ ਏਡ ਕਿਟ ਅਤੇ ਅੱਗ ਬੁਝਾਊ ਯੰਤਰ ਹੋਣੇ ਚਾਹੀਦੇ ਹਨ, ਸਕੂਲੀ ਬੱਸਾਂ ਦੇ ਅੱਗੇ On School Duty ਲਿਖਿਆ ਹੋਣਾ ਅਤੇ ਪਿੱਛੇ ਸਕੂਲ ਅਥਾਰਟੀ ਅਤੇ ਟਰਾਂਸਪੋਰਟ ਅਥਾਰਟੀ ਦਾ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ ਅਤੇ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਡਰਾਈਵਰ ਦੇ ਕੋਲ ਵੈਲਿਡ ਲਾਈਸੰਸ, ਸਕੂਲ ਵੱਲੋਂ ਨਿਰਧਾਰਿਤ ਵਰਦੀ (ਨੇਮ ਪਲੇਟ ਸਹਿਤ) ਹੋਣੀ ਚਾਹੀਦੀ ਹੈ। ਡਰਾਈਵਰ ਦੀ ਸਕੂਲ ਵੱਲੋਂ ਲਾਜਮੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਅਤੇ ਡਰਾਈਵਰ ਦੇ ਇੱਕ ਸਾਲ ਵਿੱਚ ਕੱਟੇ ਗਏ ਚਲਾਨਾਂ ਦੀ ਗਿਣਤੀ ਸਕੂਲ ਵੱਲੋਂ ਵਾਚਣੀ ਲਾਜਮੀ ਹੈ।
ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਕਿਹਾ ਗਿਆ ਕਿ ਸਕੂਲ ਵਾਹਨਾਂ ਦੀ ਚੈਕਿੰਗ ਲਈ ਆਉਂਦੇ ਦਿਨੀਂ ਟ੍ਰੈਫਿਕ ਪੁਲੀਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੀ ਟੀਮ ਵੱਲੋਂ ਸਾਂਝੀ ਚੈਕਿੰਗ ਮੁਹਿੰਮ ਵਿੱਢੀ ਜਾਵੇ। ਜਿੰਨ੍ਹਾਂ ਸਕੂਲੀ ਬੱਸਾਂ ਵਿੱਚ ਉਨਤਾਈਆਂ ਪਾਈਆਂ ਜਾਣਗੀਆਂ ਉਨ੍ਹਾਂ ਤੇ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਤੇ ਜਿਲ੍ਹਾ ਟ੍ਰੈਫਿਕ ਪੁਲੀਸ ਇੰਚਾਰਜ ਸਬ-ਇੰਸਪੈਕਟਰ ਸ. ਮਨਿੰਦਰ ਸਿੰਘ ਹਾਜ਼ਰ ਸਨ।


