ਦਾਖ਼ਲਾ ਮੁਹਿੰਮ 2025–26 ਦਾ ਸਰਕਾਰੀ ਪ੍ਰਾਇਮਰੀ ਸਕੂਲ ਸੀਤੋ ਗੁੰਨੋ ਵਿਖੇ ਰਸਮੀ ਆਗਾਜ਼
ਅਬੋਹਰ, 20 ਮਾਰਚ। ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸੀਤੋ ਗੁੰਨੋ ਵਿਖੇ ਬਲਾਕ ਅਬੋਹਰ-1 ਦੇ ਸਮੁੱਚੇ ਸਰਕਾਰੀ ਸਕੂਲਾਂ ਲਈ ਦਾਖ਼ਲਾ ਮੁਹਿੰਮ 2025–26 ਦਾ ਰਸਮੀ ਤੌਰ ’ਤੇ ਆਗਾਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਲਾਕ ਦੇ ਸਰਕਾਰੀ ਸਕੂਲਾਂ ਦੇ ਸੀਐਚਟੀ, ਮੁਖੀ, ਸਰਪੰਚ ਸਾਹਿਬਾਨ, ਪਤਵੰਤੇ ਸੱਜਣ ਅਤੇ ਪਿੰਡਾਂ ਦੇ ਨੁਮਾਇੰਦਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਹਲਕਾ ਬੱਲੂਆਣਾ ਦੇ ਮੌਜੂਦਾ ਵਿਧਾਇਕ ਦੇ ਪਿਤਾ ਸ. ਗੁਰਚਰਨ ਸਿੰਘ ਮੁਸਾਫਿਰ (ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫ਼ਸਰ, ਫਿਰੋਜ਼ਪੁਰ), ਸਰਪੰਚ ਸੀਤੋ ਗੁੰਨੋ ਸ਼੍ਰੀ ਰਵਿੰਦਰ ਡੇਲੂ, ਬਲਾਕ ਪ੍ਰਧਾਨ ਸ. ਬਲਜੀਤ ਸਿੰਘ ਚੱਕ ਰਾਧੇ ਵਾਲਾ, ਬਲਾਕ ਨੋਡਲ ਅਫ਼ਸਰ (ਦਾਖ਼ਲੇ) ਪ੍ਰਿੰਸੀਪਲ ਸ਼੍ਰੀ ਭੂਪ ਭਾਟੀ, ਪ੍ਰਿੰਸੀਪਲ ਸ਼੍ਰੀਮਤੀ ਫੂਲਵਤੀ ਸਮੇਤ ਹੋਰ ਪਤਵੰਤੇ ਸ਼ਖਸੀਅਤਾਂ ਮੌਜੂਦ ਸਨ। ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼੍ਰੀ ਅਜੇ ਕੁਮਾਰ ਅਤੇ ਸੀਐਚਟੀ ਸ਼੍ਰੀ ਰਤਨ ਭੂਸ਼ਣ ਨੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟਾਇਆ।
ਸ. ਗੁਰਚਰਨ ਸਿੰਘ ਮੁਸਾਫਿਰ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਖੇਤਰ ਵਿੱਚ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਹੋਇਆ ਹੈ। ਸਕੂਲ ਆਫ ਐਮੀਨੈਂਸ ਵਰਗੇ ਨਵੇਂ ਉਪਰਾਲੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ, ਜੋ ਹੁਣ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਬਲਕਿ ਅੱਗੇ ਚੱਲ ਰਹੇ ਹਨ। ਉਨ੍ਹਾਂ ਸਕੂਲ ਮੁਖੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼੍ਰੀ ਅਜੇ ਕੁਮਾਰ ਛਾਬੜਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫਤ ਤੇ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਦੁਪਹਿਰ ਦਾ ਭੋਜਨ, ਕਿਤਾਬਾਂ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਅਤੇ ਸਕੂਲ ਮੁਖੀਆਂ ਨੂੰ ਪਿੰਡਾਂ ਵਿੱਚ ਜਾ ਕੇ ਮਾਪਿਆਂ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਵਿੱਚ ਬਲਾਕ ਦੇ ਸਮੂਹ ਪ੍ਰਾਇਮਰੀ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਮੁਖੀ ਅਤੇ ਇੰਚਾਰਜ ਵੀ ਹਾਜ਼ਰ ਰਹੇ।



