ਗਣਤੰਤਰ ਦਿਵਸ ਮੌਕੇ ਮੀਤ ਹੇਅਰ ਨੇ ਫਾਜ਼ਿਲਕਾ ਵਿਖੇ ਤਿਰੰਗਾ ਝੰਡਾ ਲਹਿਰਾਇਆ
ਰਵਾਇਤੀ ਡੋਰ ਨਾਲ ਪਤੰਗ ਉਡਾ ਕੇ ਚਾਈਨਾ ਡੋਰ ਦੇ ਮੁਕੰਮਲ ਬਾਈਕਾਟ ਦਾ ਦਿੱਤਾ ਸੰਦੇਸ਼
ਫਾਜ਼ਿਲਕਾ, 26 ਜਨਵਰੀ
ਅੱਜ 74ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਤਿਰੰਗਾ ਲਹਿਰਾਇਆ।ਉਨ੍ਹਾਂ ਪਰੇਡ ਤੋਂ ਸਲਾਮੀ ਲਈ ਅਤੇ ਸ਼ਾਨਦਾਰ ਮਾਰਚ ਪਾਸਟ ਦਾ ਮੁਆਇਨਾ ਕੀਤਾ।ਇਸ ਮੌਕੇ ਬੱਚਿਆਂ ਦੀਆਂ ਉਤਸ਼ਾਹ ਭਰਪੂਰ ਪੇਸ਼ਕਾਰੀਆਂ ਨੇ ਭਾਰਤੀ ਗਣਤੰਤਰ ਦੇ ਇਸ ਤਿਉਹਾਰ ਦੀਆਂ ਖੁਸ਼ੀਆਂ ਦੁਗਣੀਆਂ ਕੀਤੀਆ। ਮੀਤ ਹੇਅਰ ਨੇ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਰੰਗਲਾ ਪੰਜਾਬ ਦੇ ਸੁਫਨੇ ਨੂੰ ਸਾਕਾਰ ਕਰਨ ਦਾ ਅਹਿਦ ਲਿਆ।
ਜ਼ਿਲਾ ਪੱਧਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਮੀਤ ਹੇਅਰ ਨੇ ਸ਼ਹੀਦਾਂ ਦੀ ਸਮਾਧ ਆਸਫ਼ ਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ, ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਤੇ ਐਸ.ਐਸ.ਪੀ. ਭੁਪਿੰਦਰ ਸਿੰਘ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਰਵਾਇਤੀ ਡੋਰ ਨਾਲ ਪਤੰਗ ਉਡਾਇਆ
ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਾਜ਼ਿਲਕਾ ਵਿਖੇ ਬਸੰਤ ਪੰਚਮੀ ਮੌਕੇ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਰਵਾਇਤੀ ਡੋਰ ਨਾਲ ਪਤੰਗ ਉਡਾ ਕੇ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਦਾ ਸੰਦੇਸ਼ ਦਿੱਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਈਨਾ ਡੋਰ ਨਾਲ ਹੁੰਦੇ ਨੁਕਸਾਨ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਇਸ ਦੀ ਖਰੀਦ-ਵੇਚ ਅਤੇ ਵਰਤੋਂ ਉੱਤੇ ਪੂਰਨ ਪਾਬੰਦੀ ਲਗਾਈ ਹੈ।
ਇਸ ਤੋਂ ਪਹਿਲਾਂ ਆਪਣੇ ਸੰਦੇਸ਼ ਵਿਚ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਕੂਲੀ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ 100 ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਫਾਜਿਲਕਾ ਜਿਲੇ ਵਿੱਚ ਅਜਿਹੇ 4 ਸਕੂਲ ਖੋਲੇ ਗਏ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸੂਬੇ ਵਿਚ ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਨਾਂ ਵਿੱਚੋਂ 21 ਕਲੀਨਿਕ ਫਾਜਿਲਕਾ ਜਿਲੇ ਵਿੱਚ ਬਣ ਰਹੇ ਹਨ।
ਉਨ੍ਹਾਂ ਇਸ ਮੌਕੇ ਕਿਹਾ ਕਿ ਫਾਜਿ਼ਲਕਾ ਜਿਲ਼੍ਹੇ ਵਿਚ ਨਹਿਰੀ ਪਾਣੀ ਕਿਸਾਨਾਂ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਇਸਦੇ ਅਬੋਹਰ, ਬੱਲੂਆਣਾ ਅਤੇ ਅਰਨੀਵਾਲਾ ਇਲਾਕਾ ਤਾਂ ਪੂਰੀ ਤਰਾਂ ਨਹਿਰਾਂ ਤੇ ਨਿਰਭਰ ਹੈ। ਬੱਲੂਆਣਾ ਹਲਕੇ ਵਿਚ 9.5 ਕਰੋੜ ਰੁਪਏ ਨਾਲ ਪੰਜਾਬ ਸਰਕਾਰ ਰਾਮਸਰਾ ਮਾਇਨਰ ਦਾ ਮੁੜ ਨਿਰਮਾਣ ਕਰ ਰਹੀ ਹੈ। ਫਾਜਿ਼ਲਕਾ ਅਤੇ ਜਲਾਲਾਬਾਦ ਦਾ ਇਲਾਕਾ ਈਸਟਰਨ ਕੈਨਾਲ ਡਵੀਜਨ ਵਿਚ ਪੈਂਦਾ ਹੈ। ਇਹ ਨਹਿਰਾਂ ਜਦੋਂ ਤੋਂ ਬਣੀਆਂ ਸੀ ਸਿਰਫ 6 ਮਹੀਨੇ ਗਰਮੀਆਂ ਵਿਚ ਚਲਦੀਆਂ ਸੀ ਪਰ ਸਾਡੀ ਸਰਕਾਰ ਨੇ ਪਹਿਲੀ ਵਾਰ ਹੈ ਕਿ ਕਿਸਾਨਾਂ ਨੂੰ ਕਣਕ ਲਈ ਵੀ ਇਸ ਵਾਰ ਪਾਣੀ ਦਿੱਤਾ ਹੈ ਤੇ ਅੱਗੇ ਤੋਂ ਵੀ ਇਹ 12 ਮਹੀਨੇ ਚੱਲਣਗੀਆਂ।
ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫਾਜਿਲਕਾ ਜਿਲੇ ਵਿੱਚ ਮੇਰਾ ਪਿੰਡ ਮੇਰਾ ਜੰਗਲ ਪ੍ਰੋਜ਼ੈਕਟ ਤਹਿਤ ਜਿ਼ਲ੍ਹੇ ਵਿਚ 75 ਪਿੰਡਾਂ ਵਿਚ ਮਿੰਨੀ ਜੰਗਲ ਵਿਕਸਤ ਕੀਤੇ ਜਾ ਰਹੇ ਹਨ। ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਨ ਲਈ ਜਿ਼ਲ੍ਹੇ ਵਿਚ ਪ੍ਰੋਜ਼ੈਕਟ ਕਿਤਾਬ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਬਹੁਤ ਹੀ ਵਧੀਆ ਲਾਈਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਹੁਣ ਤੱਕ 4 ਲਾਈਬ੍ਰੇਰੀਆਂ ਬਣ ਗਈਆਂ ਹਨ।
ਫਾਜਿਲਕਾ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੀ ਪਹਿਲਕਦਮੀ ਨਾਲ ਸ਼ੁਰੂ ਹੋਏ ਲਰਨ ਐਂਡ ਗਰੋਅ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਵੀ ਸੇਧ ਦੇਵੇਗਾ।
ਪਰੇਡ ਕਮਾਂਡਰ ਡੀ.ਐਸ.ਪੀ. ਸ੍ਰੀ ਅਤੁਲ ਸੋਨੀ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆ ਵੱਲੋਂ ਦੇਸ਼ ਭਗਤੀ ਨੂੰ ਸਮਰਪਿਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ, ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣ ਵਾਲੀਆਂ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸਾਬਿਤ ਹੋਈਆਂ। ਇਸ ਤੋਂ ਇਲਾਵਾ ਫੌਜ਼ ਦੇ ਜਵਾਨਾ ਵੱਲੋਂ ਪਾਈਪ ਬੈਂਡ ਅਤੇ ਗੋਰਖਾ ਰਾਈਫਲ ਵੱਲੋਂ ਖੁਕਰੀ ਡਿਸਪਲੇਅ ਦੀ ਪੇਸ਼ਕਾਰੀ ਕੀਤੀ ਗਈ ਸਮਾਗਮ ਦੀ ਸਮਾਪਤੀ ਸਕੂਲੀ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਨਾਲ ਕੀਤੀ ਗਈ।
ਇਸ ਮੌਕੇ ਆਈ.ਜੀ. ਸ੍ਰੀ ਆਰ.ਕੇ. ਅਗਰਵਾਲ, ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿ) ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਮਨਦੀਪ ਕੌਰ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸੁਨੀਲ ਸਚਦੇਵਾ, ਐਸ.ਡੀ.ਐਮ. ਸ੍ਰੀ ਨਿਕਾਸ ਖੀਚੜ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਮਨਦੀਪ ਸਿੰਘ, ਸ੍ਰੀ ਕਰਨ ਗਿਲਹੋਤਰਾ ਤੋਂ ਇਲਾਵਾ ਹੋਰ ਪਤਵੰਤੇ ਸਜਨ ਹਾਜਰ ਸਨ।




