ਕਸੂਤੇ ਫਸੇ ਟਰਾਂਸਪੋਰਟ ਮੰਤਰੀ,ਪਾਰਟੀ ਨੇ ਕੱਢਿਆ ਕਾਰਨ ਦੱਸੋ ਨੋਟਿਸ,3 ਦਿਨਾਂ ਵਿੱਚ ਮੰਗਿਆ ਜਵਾਬ
ਚੰਡੀਗੜ 10 ਫ਼ਰਵਰੀ। ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਖਿਲਾਫ ਬਿਆਨਬਾਜੀ ਕਰਨ ਦੇ ਮਾਮਲੇ ਵਿੱਚ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਕਸੂਤੇ ਫਸਦੇ ਨਜ਼ਰ ਆ ਰਹੇ ਹਨ। ਮੰਤਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸੂਬਾ ਪ੍ਰਧਾਨ ਨੇ ਤਿੰਨ ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਭਾਜਪਾ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵੱਲੋਂ ਚੌਧਰੀ ਹਰਿਆਣਾ ਦੇ ਸੀਨੀਅਰ ਆਗੂ ਤੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੂੰ ਕਰਨ ਦੱਸੋ ਨੋਟਿਸ ਅੱਜ 10 ਫਰਵਰੀ ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਹਨਾਂ ਕਿਹਾ ਹੈ ਕਿ ਤੁਹਾਡੇ ਵੱਲੋਂ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਖਿਲਾਫ ਜਨਤਕ ਤੌਰ ਤੇ ਬਿਆਨ ਦਿੱਤੇ ਤੇ ਪਾਰਟੀ ਦੇ ਅੰਦਰੂਨੀ ਅਨੁਸ਼ਾਸਨ ਨੂੰ ਭੰਗ ਕੀਤਾ। ਤੁਹਾਡੇ ਵੱਲੋਂ ਇਹ ਬਿਆਨ ਉਸ ਸਮੇਂ ਦਿੱਤੇ ਗਏ ਜਦੋਂ ਗਵਾਂਢੀ ਸੂਬੇ ਦਿੱਲੀ ਵਿੱਚ ਚੋਣਾਂ ਦੌਰਾਨ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਸੂਬਾ ਪ੍ਰਧਾਨ ਨੇ ਕਿਹਾ ਕਿ ਮੰਤਰੀ ਦੇ ਅਹੁਦੇ ਤੇ ਹੁੰਦਿਆਂ ਤੁਹਾਡੇ ਵੱਲੋਂ ਅਜਿਹੀ ਬਿਆਨਬਾਜੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਤੇ ਅਜਿਹੇ ਬਿਆਨ ਕਿਸੇ ਵੀ ਤਰ੍ਹਾਂ ਸਵੀਕਾਰ ਕਰਨ ਯੋਗ ਨਹੀਂ ਹਨ। ਸੂਬਾ ਪ੍ਰਧਾਨ ਵੱਲੋਂ ਰਾਸ਼ਟਰੀ ਪ੍ਰਧਾਨ ਦੇ ਹੁਕਮਾਂ ਤੇ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਤਿੰਨ ਦਿਨਾਂ ਵਿੱਚ ਅਨਿਲ ਵਿਜ ਨੂੰ ਲਿਖਤੀ ਜਵਾਬ ਦੇਣ ਲਈ ਆਖਿਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅਨਿਲ ਵਿਜ ਬਿਆਨ ਦਿੰਦੇ ਹਨ ਤਾਂ ਕੀ ਬਿਆਨ ਜਾਰੀ ਕਰਨਗੇ। ਪਿਛਲੇ ਦਿਨੀ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਮੰਤਰੀ ਹਾਂ ਤੇ ਕਿਤੇ ਮੇਰੀ ਮੰਤਰੀ ਦੀ ਕੁਰਸੀ ਨਾ ਗਵਾ ਦਿਓ। ਜਿਸ ਹਿਸਾਬ ਨਾਲ ਪਾਰਟੀ ਵੱਲੋਂ ਅਨਿਲ ਵਿੱਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਉਸ ਤੋਂ ਸਾਫ ਲੱਗਦਾ ਹੈ ਕਿ ਉਹਨਾਂ ਦਾ ਸਿਆਸੀ ਭਵਿੱਖ ਖਤਰੇ ਵਿੱਚ ਹੈ।

