ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ, ਡਾਕਟਰ ਮਨਮੋਹਨ ਸਿੰਘ ਦਾ ਇਸ ਤਰ੍ਹਾਂ ਨਿਰਾਦਰ ਨਾ ਕਰੇ ਕੇਂਦਰ ਸਰਕਾਰ

ਚੰਡੀਗੜ੍ਹ 27 ਦਸੰਬਰ। ਸਾਬਕਾ ਪ੍ਰਧਾਨ ਮੰਤਰੀ ਤੇ ਗਲੋਬਲ ਆਗੂ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਤੇ ਸਮਾਰਕ ਬਣਾਉਣ ਲਈ ਜਗਹ ਨਾ ਦੇਣ ਤੇ ਨਿਗਮਬੋਧ ਦੇ ਆਮ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਕੀਤੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਤਰਾਜ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ “ਇਹ ਬਹੁਤ ਹੀ ਹੈਰਾਨੀਜਨਕ ਅਤੇ ਨਿੰਦਣਯੋਗ ਹੈ !
ਡਾ.ਮਨਮੋਹਨ ਸਿੰਘ ਜੀ ਦੇ ਪਰਿਵਾਰ ਵੱਲੋਂ ਦੇਸ਼ ਲਈ ਉਨ੍ਹਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਅਤੇ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਇੱਕ ਵਿਸ਼ੇਸ਼ ਜਗ੍ਹਾ ਦੀ ਮੰਗ ਕੀਤੀ ਗਈ ਸੀ, ਜਿੱਥੇ ਕਿ ਦੇਸ਼ ਵਾਸੀਆਂ ਲਈ ਉਨ੍ਹਾਂ ਦੀ ਯਾਦਗਾਰ ਸਥਾਪਿਤ ਕੀਤੀ ਜਾ ਸਕੇ, ਪਰ ਕੇਂਦਰ ਸਰਕਾਰ ਵੱਲੋਂ ਪਰਿਵਾਰ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਹੈ। ਪਿਛਲੇ ਸਮਿਆਂ ਦੌਰਾਨ ਚਲਦੀ ਆ ਰਹੀ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਗ੍ਹਾ ‘ਰਾਜ ਘਾਟ’ ਹੋਣੀ ਚਾਹੀਦੀ ਸੀ, ਪਰ ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ ਉਸ ਮਹਾਨ ਆਗੂ ਦਾ ਇਸ ਕਦਰ ਨਿਰਾਦਰ ਕਿਉਂ ਕਰ ਰਹੀ ਹੈ, ਜੋ ਇੱਕੋ-ਇੱਕ ਸਿੱਖ ਸਨ ਜਿੰਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਿਲ ਸੀ।
ਫਿਲਹਾਲ, ਨਿਗਮਬੋਧ ਘਾਟ ਦੇ ਸਾਂਝੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਜਿਹੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਨਾਲ ਪੱਖਪਾਤ ਦੀ ਇਸ ਹੱਦ ਤੱਕ ਪਹੁੰਚ ਜਾਵੇਗੀ, ਪਰ ਡਾ.ਮਨਮੋਹਨ ਸਿੰਘ ਜੀ ਦਾ ਕੱਦ ਵਿਸ਼ਵ ਪੱਧਰ ‘ਤੇ ਹਮੇਸ਼ਾ ਉੱਚਾ ਹੀ ਰਹੇਗਾ।
ਡਾ.ਮਨਮੋਹਨ ਸਿੰਘ ਜੀ ਨੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਭਾਰਿਆ। ਭਾਵੇਂ ਕਿ ਕਾਂਗਰਸ ਨਾਲ ਸਾਡੇ ਸਿਆਸੀ ਮਤਭੇਦ ਹਨ, ਪਰ ਰਾਜਨੀਤਕ ਅਤੇ ਸਿਆਸੀ ਸੰਬੰਧਾਂ ਤੋਂ ਉਪਰ ਉੱਠ ਕੇ ਡਾ. ਮਨਮੋਹਨ ਸਿੰਘ ਜੀ ਸਾਡੇ ਲਈ ਉੱਚ ਸਤਿਕਾਰ ਦੇ ਪਾਤਰ ਰਹਿਣਗੇ।
ਡਾ. ਸਾਬ੍ਹ ਸਿੱਖਾਂ ਅਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੇ ਵਿਹਾਰ ਵਿੱਚ ਬਹੁਤ ਸੰਵੇਦਨਸ਼ੀਲ ਅਤੇ ਹਮਦਰਦ ਸਨ। ਮੈਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਂਦਰ ਸਰਕਾਰ ਦੇ ਇਸ ਨਿੰਦਣਯੋਗ ਫੈਸਲੇ ਨੂੰ ਬਦਲਣ ਲਈ ਨਿੱਜੀ ਤੌਰ ‘ਤੇ ਦਖਲ ਦੇਣ।”

CATEGORIES
TAGS
Share This

COMMENTS

Wordpress (0)
Disqus (0 )
Translate