ਹਰਿਆਣਾ ਸਰਕਾਰ ਸਾਰੀਆਂ ਫਸਲਾਂ ਤੇ ਕਿਸਾਨਾਂ ਨੂੰ ਦੇ ਰਹੀ ਹੈ ਐਮਐਸਪੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ 14 ਦਸੰਬਰ। ਇੱਕ ਪਾਸੇ ਜਿੱਥੇ ਖਨੌਰੀ ਤੇ ਸ਼ੰਬੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਕਿਸਾਨ ਦਿੱਲੀ ਜਾਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਨ ਪਰ ਹਰਿਆਣਾ ਸਰਕਾਰ ਵੱਲੋਂ ਉਨਾਂ ਨੂੰ ਦਿੱਲੀ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ। ਅਜਿਹੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਰਾਫਟ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਐਮਐਸਪੀ ਤੇ ਖਰੀਦੀਆਂ ਜਾ ਰਹੀਆਂ ਹਨ। ਤੇ ਪਿਛਲੇ 10 ਸਾਲਾਂ ਦੇ ਵਿੱਚ ਕਿਸਾਨਾਂ ਦੀ ਭਲਾਈ ਲਈ ਅਨੇਕਾਂ ਹੀ ਇਤਿਹਾਸਿਕ ਕੰਮ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ ਲਈ ਕਿਸਾਨਾਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਲਈ ਉਹਨਾਂ ਦੀ ਸਰਕਾਰ ਲਗਾਤਾਰ ਯਤਨਸ਼ੀਲ ਹੈ। ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਦੀ ਭਲਾਈ ਲਈ ਹੋ ਰਹੇ ਕਾਰਜਾਂ ਤੋਂ ਵਿਰੋਧੀ ਪਾਰਟੀਆਂ ਨੂੰ ਤਕਲੀਫ ਹੋ ਰਹੀ ਹੈ। ਜਿਸ ਕਾਰਨ ਉਹ ਕੂੜ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਫਸਲ ਐਮਐਸਪੀ ਤੇ ਖਰੀਦੇ ਤਾਂ ਜੋ ਕਿਸਾਨਾਂ ਨੂੰ ਮੁਸ਼ਕਿਲ ਨਾ ਆਵੇ।
ਉਧਰ ਅੰਬਾਲਾ ਤੇ ਜੀਂਦ ਦੇ ਡਿਪਟੀ ਕਲੈਕਟਰਾਂ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਉਚਿਤ ਮੈਡੀਕਲ ਸਹਾਇਤਾ ਉਪਲਬਧ ਕਰਵਾਈ ਜਾਵੇ। ਇਸ ਤੋਂ ਇਲਾਵਾ ਦੋਨੇ ਬਾਰਡਰਾਂ ਉੱਪਰ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਉਹਨਾਂ ਦਾ ਅਸਰ ਅੰਬਾਲਾ ਤੇ ਜੀਂਦ ਜ਼ਿਲਿਆਂ ਵਿੱਚ ਨਾ ਪਵੇ।