ਗਿੱਦੜਬਾਹਾ ਵਿੱਚ ਗਲਤ ਢੰਗ ਨਾਲ ਅਕਾਲੀ ਵਰਕਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਲਈ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਜਾਅਲਸਾਜ਼ੀ ਦੇ ਕੇਸ ਦਰਜ ਕੀਤੇ ਜਾਣ-ਸ਼੍ਰੋਮਣੀ ਅਕਾਲੀ ਦਲ
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦਲ ਨੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਕਿ ਉਨਾਂ ਸਾਰੇ ਰਿਟਰਨਿੰਗ ਅਫਸਰਾਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਜਿਹਨਾਂ ਨੂੰ ਸੂਬਾਈ ਚੋਣ ਕਮਿਸ਼ਨ ਨੇ ਮੌਜੂਦਾ ਪੰਚਾਇਤ ਚੋਣਾਂ ਦੌਰਾਨ ਗਿੱਦੜਬਾਹਾ ਵਿਚ ਅਕਾਲੀ ਦਲ ਦੇ ਵਰਕਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਦੋਸ਼ੀ ਠਹਿਰਾਇਆ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸੂਬਾਈ ਚੋਣ ਕਮਿਸ਼ਨ ਦਾ ਇਸ ਗੱਲ ਲਈ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਰਿਟਰਨਿੰਗ ਅਫਸਰਾਂ ਵੱਲੋਂ ਗਲਤ ਢੰਗ ਨਾਲ 24 ਪਿਡਾਂ ਵਿਚ ਰੱਦ ਕੀਤੇ ਨਾਮਜ਼ਦਗੀ ਪੱਤਰ ਬਹਾਲ ਵੀ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਾਮਜ਼ਦਗੀ ਪੱਤਰਾਂ ਵਿਚ ਫਰਜ਼ੀ ਦਸਤਖ਼ਤ ਕੀਤੇ ਗਏ ਹਨ। ਉਹਨਾ ਕਿਹਾ ਕਿ ਇਹ ਦੁਸ਼ਹਿਰੇ ਦੇ ਮੌਕੇ ’ਤੇ ਬਦੀ ’ਤੇ ਨੇਕੀ ਦੀ ਜਿੱਤ ਹੈ ਅਤੇ ਇਸ ਮਾਮਲੇ ਵਿਚ ਰਿਟਰਨਿੰਗ ਅਫਸਰਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਸਰਦਾਰ ਮਿੱਡੂਖੇੜਾ ਅਤੇ ਸਰਦਾਰ ਬਰਕੰਦੀ ਨੇ ਪਾਰਟੀ ਦੀ ਲੀਗਲ ਟੀਮ ਦਾ ਵੀ ਧੰਨਵਾਦ ਕੀਤਾ ਜਿਸਨੇ ਸੂਬਾਈ ਚੋਣ ਕਮਿਸ਼ਨ ਕੋਲ ਇਹ ਮਾਮਲਾ ਚੁੱਕਿਆ ਤੇ ਉਸਨੂੰ ਗਲਤ ਮਾਮਲੇ ਵਿਚ ਕਾਰਵਾਈ ਲਈ ਰਾਜ਼ੀ ਕੀਤਾ। ਉਹਨਾਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰਾਂ ਅਤੇ ਉਪ ਮੰਡਲ ਅਫਸਰਾਂ (ਐਸ ਡੀ ਐਮਜ਼) ਨੂੰ ਆਖਿਆ ਹੈ ਕਿ ਜਿਹੜੇ ਅਕਾਲੀ ਵਰਕਰਾਂ ਦੇ ਗਲਤ ਢੰਗ ਨਾਲ ਕਾਗਜ਼ ਰੱਦ ਕੀਤੇ ਗਏ ਹਨ, ਉਹਨਾਂ ਵਿਚ ਕਾਰਵਾਈ ਕੀਤੀ ਜਾਵੇ।
ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਵਿਚ ਧਰਨੇ ਦਿੱਤੇ ਤੇ ਉਹਨਾਂ ਅਕਾਲੀ ਵਰਕਰਾਂ ਦੇ ਨਾਮਜ਼ਦਗੀ ਪੱਤਰ ਬਹਾਲ ਕਰਵਾਏ। ਦੋਵਾਂ ਆਗੂਆਂ ਨੇ ਅਕਾਲੀ ਦਲ ਪ੍ਰਧਾਨ ਦਾ ਇਸ ਲਈ ਧੰਨਵਾਦ ਕੀਤਾ ਕਿ ਉਹਨਾਂ ਨੇ ਪਾਰਟੀ ਵਰਕਰਾਂ ਤੇ ਅਕਾਲੀ ਦਲ ਜਿੱਤ ਲਈ ਅਹਿਮ ਰੋਲ ਨਿਭਾਇਆ।



