ਗੁਰੂ ਨਾਨਕ ਖਾਲਸਾ ਕਾਲਜ ਦੇ ਖਿਡਾਰੀਆਂ ਨੇ ਰਾਜ ਪੱਧਰੀ ਕੁਸ਼ਤੀ ਮੁਕਾਬਲਿਆਂ ਚ ਜਿੱਤੇ ਸੋਨੇ ਚਾਂਦੀ ਦੇ ਮੈਡਲ
ਅਬੋਹਰ 26 ਸਤੰਬਰ। ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਪੰਜਾਬ ਕੁਸ਼ਤੀ ਸੰਸਥਾ ਦੁਆਰਾ ਫਰੀਦਕੋਟ ‘ਚ ਬਾਬਾ ਫਰੀਦ ਮੇਲੇ ਦੇ ਸੰਬੰਧ ‘ਚ ਆਯੋਜਿਤ ਪੰਜਾਬ ਸੀਨੀਅਰ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਤੇ ਅੰਡਰ-23 ਫ੍ਰੀ ਸਟਾਇਲ ਸਟੇਟ ਕੁਸ਼ਤੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕਾਲਜ ਵਿਦਿਆਰਥੀ ਅਭਿਮੰਨਿਯੂ ਨੇ 97 ਕਿਲੋ-ਗ੍ਰਾਮ ਭਾਰ-ਵਰਗ ਲਈ ਖੇਡਦੇ ਹੋਏ ਗ੍ਰੀਕੋ-ਰੋਮਨ ਕੁਸ਼ਤੀ ਮੁਕਾਬਲੇ ‘ਚ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ। ਜਦ ਕਿ ਕਾਲਜ ਵਿਦਿਆਰਥੀ ਆਕਾਸ਼ਦੀਪ ਨੇ 70 ਕਿਲੋ-ਗ੍ਰਾਮ ਭਾਰ-ਵਰਗ ਲਈ ਖੇਡਦੇ ਹੋਏ ਅੰਡਰ-23 ਫ੍ਰੀ-ਸਟਾਇਲ ਕੁਸ਼ਤੀ ਮੁਕਾਬਲੇ ‘ਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋਵੇਂ ਜੇਤੂ ਪਹਿਲਵਾਨ ਅਭਿਮੰਨਿਯੂ ਅਤੇ ਆਕਾਸ਼ਦੀਪ ਕ੍ਰਮਵਾਰ ਕਾਲਜ ‘ਚ ਐਮ.ਏ. ਇਤਿਹਾਸ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀ ਹਨ।ਇਸ ਤੋਂ ਪਹਿਲਾਂ ਵੀ ਸਟੇਟ ਅਤੇ ਨੈਸ਼ਨਲ ਪੱਧਰ ਦੇ ਕਈ ਕੁਸ਼ਤੀ ਮੁਕਾਬਲਿਆਂ ‘ਚ ਬੇਹਤਰੀਨ ਪ੍ਰਦਰਸ਼ਨ ਕਰਕੇ ਆਪਣਾ ਨਾਮ ਰੋਸ਼ਨ ਕਰ ਚੁੱਕੇ ਹਨ। ਅਭਿਮੰਨਿਯੂ ਅਤੇ ਆਕਾਸ਼ਦੀਪ ਦੀ ਇਸ ਪ੍ਰਾਪਤੀ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ, ਸਕੱਤਰ ਬਲਕਰਣ ਸਿੰਘ ਬਰਾੜ ਸਮੇਤ ਸਮੂਹ ਕਾਲਜ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ, ਕੁਸ਼ਤੀ ਕੋਚ ਹਰਪਿੰਦਰ ਸਿੰਘ ਸੰਧੂ, ਸਮੂਹ ਕਾਲਜ ਸਟਾਫ ਨੇ ਦੋਵੇਂ ਵਿਦਿਆਰਥੀਆਂ ਅਭਿਮੰਨਿਯੂ ਅਤੇ ਆਕਾਸ਼ਦੀਪ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪੇ੍ਰਰਿਤ ਕੀਤਾ ਹੈੇ।



