ਤਿੰਨ ਰੋਜਾ ਅੰਤਰਰਾਸ਼ਟਰੀ ਕਾਨਫਰੰਸ ਦੋਰਾਨ ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੂੰ ਬੇਹਤਰ ਪਸਾਰ ਵਿਗਿਆਨੀ ਪੁਰਸਕਾਰ ਮਿਲਿਆ

ਫਰੀਦਕੋਟ 03 ਸਤੰਬਰ। ਫਸਲਾਂ ਤੋਂ ਵੱਧ ਪੈਦਾਵਾਰ ਲੈਣ ,ਖੇਤੀ ਨੂੰ ਟਿਕਾਊ ਅਤੇ ਲਾਹੇਵੰਦ ਕਿੱਤਾ ਬਨਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ “ਖੇਤੀਬਾੜੀ ਅਤੇ ਸਹਾਇਕ ਵਿਗਿਆਨ ਵਿੱਚ ਮੌਜੂਦਾ ਨਵੀਨਤਾਵਾਂ ਅਤੇ ਤਕਨੀਕੀ ਤਰੱਕੀਆਂ “ਵਿਸ਼ੇ ਤੇ ਅੰਤਰਰਾਸ਼ਟਰੀ ਕਾਨਫਰੰਸ 2024 ਕਰਵਾਈ ਗਈ। ਇਸ ਕਾਨਫਰੰਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੂੰ ਪੰਜਾਬ ਦੀ ਖੇਤੀ ਵਿਕਾਸ ਵਿੱਚ ਨਿਭਾਈਆ ਜਾ ਰਹੀਆ ਬੇਹਤਰੀਨ ਪਸਾਰ ਸੇਵਾਵਾਂ ਲਈ “ਬੇਹਤਰ ਪਸਾਰ ਵਿਗਿਆਨੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾ ਵੱਲੋਂ ਇਸ ਕਾਨਫਰੰਸ ਦੌਰਾਨ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲ ਕਰਕੇ ਵੱਖ ਵੱਖ ਖੇਤੀ ਮਸ਼ੀਨਰੀ ਦੀ ਆਰਥਿਕ ਕਾਰਜਕੁਸ਼ਲਤਾ ਬਾਰੇ ਪੋਸਟਰ ਰਾਹੀਂ ਪੇਸ਼ਕਾਰੀ ਵੀ ਕੀਤੀ ਗਈ। ਡਾ.ਗੁਰਲਾਭ ਸਿੰਘ ਸਿੱਧੂ ਉਪ ਕੁਲਪਤੀ ਦੀ ਅਗਵਾਈ ਹੇਠ ਕਰਵਾਈ ਗਈ ਤਿੰਨ ਰੋਜਾ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਪ੍ਰਵੀਨ ਕੁਮਾਰ ਸਿੰਘ ਕਮਿਸ਼ਨਰ ਖੇਤੀਬਾੜੀ ਵਿਭਾਗ ਭਾਰਤ ਸਰਕਾਰ ਸਨ ।

    ਡਾ.ਅਮਰੀਕ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਵਿਸ਼ੇਸ਼ ਮੁੱਖ ਸਕੱਤਰ,ਖੇਤੀਬਾੜੀ ਪੰਜਾਬ ਸਰਕਾਰ ਸ੍ਰੀ ਕੇ.ਏ.ਪੀ ਸਿਨਹਾ,ਕਮਿਸ਼ਨਰ ਖੇਤੀਬਾੜੀ ਪੰਜਾਬ ਸ੍ਰੀ ਮਤੀ ਨੀਲਿਮਾ, ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਜਸਵੰਤ ਸਿੰਘ ਅਤੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਕੁਲਦੀਪ ਸਿੰਘ ਨਿਰਦੇਸ਼ਕ ਖੇਤਰੀ ਖੋਜ ਕੇਂਦਰ,ਡਾ.ਗੁਰਿੰਦਰਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ ,ਇੰਜੀ.ਅਕਸਿਤ ਜੈਨ ਸਹਾਇਕ ਖੇਤੀਬਾੜੀ ਇੰਜੀਨੀਅਰ(ਗਰੇਡ1) ਵੀ ਹਾਜ਼ਰ ਸਨ।

     ਡਾ.ਅਮਰੀਕ ਸਿੰਘ ਬਤੌਰ ਮੁੱਖ ਖੇਤੀਬਾੜੀ ਅਫਸਰ, ਫਰੀਦੋਕਟ ਸੇਵਾਵਾਂ ਨਿਭਾਅ ਰਹੇ ਹਨ।ਉਹਨਾਂ ਵੱਲੋਂ ਪੰਜਾਬ ਦੀ ਖੇਤੀਬਾੜੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।ਉਹਨਾਂ ਨੇ ਆਪਣੀ ਬੀ.ਐਸ.ਸੀ.ਐਗਰੀਕਲਚਰ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਐਮ.ਐਸ.ਸੀ.ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ ਕੋਇੰਬਟੂਰ ਅਤੇ ਪੀ.ਐਚ.ਡੀ. (ਫਸਲ ਵਿਗਿਆਨ) ਵਿਸ਼ੇ ਦੀ ਡਿਗਰੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਕੀਤੀ ਹੈ। ਉਹਨਾਂ ਵੱਲੋਂ 1990 ਤੋਂ 2016 ਤੱਕ 26 ਸਾਲ ਖੇਤੀਬਾੜੀ ਵਿਕਾਸ ਅਫਸਰ, 2016 ਤੋਂ 2021 ਤੱਕ ਬਤੌਰ ਖੇਤੀਬਾੜੀ ਅਫਸਰ ਸੇਵਾਵਾਂ ਨਿਭਾਈਆਂ ਗਈਆਂ। ਡਾ. ਅਮਰੀਕ ਸਿੰਘ ਬਤੌਰ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਅਤੇ ਜਿਲ੍ਹਾ ਸਿਖਲਾਈ ਅਫਸਰ ਗੁਰਦਾਸਪੁਰ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।ਜ਼ਿਲਾ ਪਠਾਨਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਵਿੱਚ ਆਹਿਮ ਯੋਗਦਾਨ ਰਿਹਾ। ਸਾਲ 2023-24 ਦੌਰਾਨ ਜ਼ਿਲਾ ਗੁਰਦਾਸਪੁਰ ਵਿੱਚ ਬਤੌਰ ਜ਼ਿਲਾ ਸਿਖਲਾਈ ਅਫਸਰ ਵੱਜੋਂ ਜਾਗਰੁਕਤਾ ਮੁਹਿੰਮ ਨੂੰ ਬਹੁਤ ਹੀ ਯੋਜਨਾਬੱਧ ਢੰਗ ਨਾਲ ਚਲਾਉਦਿਆਂ ਨਿਭਾਈਆਂ ਪਸਾਰ ਸੇਵਾਂਵਾਂ ਕਾਰਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 57 ਫੀਸਦੀ ਕਮੀ ਦਰਜ ਕੀਤੀ ਗਈ। ਅਮਰੀਕ ਸਿੰਘ ਵੱਲੋਂ ਉੱਤਰੀ ਭਾਰਤ ਦੇ ਕਿਸਾਨਾਂ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਪਸਾਰ ਸੇਵਾਵਾਂ ਲਈ ਕੀਤੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ  ਸਾਲ 2017 ਦੌਰਾਨ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿੰਨ ਵਾਰ ਬੇਹਤਰੀਨ ਪਸਾਰ ਕਾਮੇ ਵੱਜੋਂ,ਗੁਜਰਾਤ ਸਰਕਾਰ ਵੱਲੋਂ ਸਾਲ 2023 ਵਿੱਚ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਪਸਾਰ ਸੇਵਾਵਾਂ ਵਿੱਚ ਉਤਮਤਾ ਪੁਰਸਕਾਰ,ਆਸਥਾ ਫਾਉਂਡੇਸ਼ਨ ਮੇਰਠ(ਯੂ.ਪੀ.) ਅਤੇ ਜ਼ਿਲਾ ਪ੍ਰਸ਼ਾਸ਼ਣ ਗੁਰਦਾਸਪੁਰ ਅਤੇ ਪਠਾਨਕੋਟ ਵੱਲੋਂ ਪਸਾਰ ਸੇਵਾਵਾਂ ਵਿੱਚ ਉਤਮਤਾ ਪੁਰਸਕਾਰ ਵੱਜੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਵੱਲੋਂ ਕਿਸਾਨੀ ਹਿੱਤ ਵਿੱਚ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ।

      ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ ਫਰੀਦਕੋਟ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਈ ਕੇ ਵਾਈ ਸੀ ਮੁਕੰਮਲ ਕਰਨ ਲਈ ਚਲਾਈ ਜਾ ਰਹੀ ਯੋਜਨਾਬੱਧ ਮੁਹਿੰਮ ਕਾਰਨ ਈ ਕੇ ਵਾਈ ਸੀ ਦਾ 80 ਫੀਸਦੀ ਕੰਮ ਮੁਕੰਮਲ ਕਰਕੇ ਜ਼ਿਲਾ ਫਰੀਦਕੋਟ ਪੰਜਾਬ ਵਿੱਚ ਪਹਿਲੇ ਸਥਾਨ ਤੇ ਚੱਲ ਰਿਹਾ ਹੈ। ਵਾਤਾਵਰਣ ਦੀ ਸ਼ੁਧਤਾ ਲਈ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਚਲਾਈ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੇ ਟਿੳੈਬਵੈਲਾਂ ਤੇ ਇੱਕ ਲੱਖ ਤੀਹ ਹਜ਼ਾਰ ਛਾਂਦਾਰ ਪੌਦੇ ਲਗਾਏ ਹਨ।ਉਨਾਂ ਵੱਲੋਂ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਖੇਤੀ ਨਾਲ ਜੋੜਨ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ,ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ,ਨੌਜਵਾਨ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤਿਆਂ ਨਾਲ ਜੋੜਨ,ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੇ ਬਚਾਅ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂ ਰਹੀ ਹੈ। ਵਟਸਐਪ ਐਪ ਰਾਹੀਂ ਉਨਾਂ ਵੱਲੋਂ ਤਕਰੀਬਨ 45578 ਕਿਸਾਨਾਂ ਤੱਕ ਸਿੱਧੇ ਰੂਪ ਵਿੱਚ ਤਕਨੀਕੀ ਨੁਕਤੇ ਪਹੂੰਚਾਏ ਜਾ ਰਹੇ ਹਨ। ਡਾ. ਅਮਰੀਕ ਸਿੰਘ ਵੱਲੋਂ “ਉੱਤਮ ਖੇਤੀ ਪੰਜਾਬ” ਨਾਮਕ ਯੂ ਟਿਊਬ ਚੈਨਲ ਵੀ ਚਲਾਇਆ ਜਾ ਰਿਹਾ ਹੈ ਜਿਸ ਦੇ 8214 ਨੌਜਵਾਨ ਕਿਸਾਨ ਮੈਂਬਰ ਹਨ ਅਤੇ ਇਸ ਚੈਨਲ ਨੂੰ ਨੌਜਵਾਨ ਕਿਸਾਨਾਂ ਵੱਲੋਂ 26 ਲੱਖ 57 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ।

CATEGORIES
Share This

COMMENTS

Wordpress (0)
Disqus (0 )
Translate