ਕੌਮਾਂਤਰੀ ਪੱਧਰ ਦੀ ਪੰਜਾਬੀ ਕਾਨਫਰੰਸ ਦੀ ਸਫ਼ਲਤਾ ਲਈ ਸੇਵਾਵਾਂ ਨਿਭਾਉਣ ਵਾਲੀ ਪੰਜਾਬ ਭਵਨ ਦੀ ਟੀਮ ਦਾ ਹੋਇਆ ਸਨਮਾਨ
ਕਾਨਫਰੰਸ ਨਾਲ ਜੁੜਿਆ ਅੱਜ ਦਾ ਪੜਾਅ ਮੇਰੇ ਲਈ ਅਹਿਮ-ਸੁੱਖੀ ਬਾਠ
ਕੈਨੇਡਾ 23 ਅਕਤੂਬਰ । ਕੌਮਾਂਤਰੀ ਪੱਧਰ ਦੀ ਪੰਜਾਬੀ ਕਾਨਫਰੰਸ ‘ਚ ਪੰਜਾਬ ਭਵਨ ਦੀ ਸੇਵਾਵਾਂ ਨਿਭਾਉਣ ਵਾਲੀ ਟੀਮ ਦਾ ਅੱਜ ਇਥੇ ਇਕ ਸਾਦੇ, ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਨਮਾਨ ਕੀਤਾ ਗਿਆ l ਇਸ ਮੌਕੇ ਕੈਨੇਡਾ ਦੇ ਸਰੀ ਸ਼ਹਿਰ ‘ ਚ ਹੋਈ ਇਸ ਪੰਜਵੀਂ ਕਾਨਫਰੰਸ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਕਾਨਫਰੰਸ ਦੀ ਸਫ਼ਲਤਾ ‘ਚ ਭਾਵੇਂ ਦੇਸ਼ ਤੇ ਵਿਦੇਸ਼ ਤੋਂ ਪੁੱਜੀ ਹਰ ਸ਼ਖ਼ਸੀਅਤ ਦਾ ਵਡਮੁੱਲਾ ਯੋਗਦਾਨ ਰਿਹਾ, ਪਰ ਇਸ ਕਾਨਫਰੰਸ ਦੀ ਰੀੜ੍ਹ ਦੀ ਹੱਡੀ ਉਹ ਪ੍ਰਬੰਧਕ ਜਿਹੜੇ ਭਾਵੇਂ ਕਾਨਫਰੰਸ ਦੀ ਸਟੇਜ਼ ਉਪਰ ਨਜ਼ਰ ਨਹੀਂ ਆਉਂਦੇ, ਪ੍ਰੰਤੂ ਉਨ੍ਹਾਂ ਦੀਆਂ ਸੇਵਾਵਾਂ ਅਹਿਮ ਰਹਿੰਦੀਆਂ, ਉਹ ਹੈ ਪੰਜਾਬ ਭਵਨ ਦੀ ਟੀਮ, ਜਿਨ੍ਹਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਅੱਜ ਉਹ ਇਸ ਕਾਨਫਰੰਸ ਦਾ ਮੁਕੰਮਲ ਪੜਾਅ ਸਮਝਦੇ ਹਨ l ਉਨ੍ਹਾਂ ਵਿਸ਼ੇਸ਼ ਤੌਰ ‘ਤੇ ਉੱਘੇ ਲੇਖਕ ਕਵਿੰਦਰ ਚਾਂਦ, ਅਮਰੀਕ ਪਲਾਹੀ, ਕੁਲਤਾਰ ਸਿੰਘ ਥਿਆਰਾ, ਪੱਤਰਕਾਰ ਜੋਗਿੰਦਰ ਸਿੰਘ, ਕੈਮਰਮੈਨ ਰਵੀ ਪਟਿਆਲਾ ਤੇ ਮਨਦੀਪ ਕੌਰ ਦੀ ਸਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ l ਲੇਖਕ ਕਵਿੰਦਰ ਚਾਂਦ ਅਤੇ ਲੇਖਕ ਅਮਰੀਕ ਪਲਾਹੀ ਨੇ ਵੀ ਕਾਨਫਰੰਸ ਦਾ ਲੇਖਾ -ਜੋਖਾ ਕਰਦਿਆਂ ਕਾਨਫਰੰਸ ਦੇ ਇਤਿਹਾਸਿਕ ਤੇ ਯਾਦਗਾਰੀ ਪਲਾਂ ਨੂੰ ਯਾਦ ਕੀਤਾ l ਇਸ ਮੌਕੇ ਟੀਮ ‘ਚ ਸ਼ਾਮਿਲ ਕਿਤਵੀਰ ਸਿੰਘ ਬਾਠ, ਦਵਿੰਦਰ ਕੌਰ, ਗਗਨਦੀਪ ਸਿੰਘ ਬਿਕਰਮਜੀਤ ਸਿੰਘ, ਹਰਕੀਰਤ ਸਿੰਘ, ਜਸਵੰਤ ਸਿੰਘ, ਸੁਰਜੀਤ ਕੌਰ, ਕੁਲਤਾਰ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਵੀ ਯਾਦਗਾਰੀ ਚਿੰਨ ਭੇਟ ਕੀਤੇ ਗਏ।