ਅਬੋਹਰ ਸੀਤੋ ਗੁੰਨੋ ਰੋਡ ਨੂੰ ਅਬੋਹਰ ਬਾਈਪਾਸ ਤੱਕ ਅਪਗ੍ਰੇਡਸ਼ਨ ਦਾ ਕੰਮ ਹੋਇਆ ਮੁਕੰਮਲ-ਡਿਪਟੀ ਕਮਿਸ਼ਨਰ
ਫਾਜਿਲਕਾ 14 ਦਸੰਬਰ
ਅਬੋਹਰ ਸੀਤੋ ਗੁੰਨੋ ਰੋਡ ਜੋ ਕਿ ਪਹਿਲਾ 5.50 ਮੀਟਰ ਚੌੜੀ ਸੀ ਜਿਸ ਨੂੰ ਅਬੋਹਰ ਬਾਈਪਾਸ ਤੱਕ ਅਪਗ੍ਰੇਡ ਕਰਦੇ ਹੋਏ 10 ਮੀਟਰ ਚੌੜਾ ਕੀਤਾ ਗਿਆ ਹੈ ਤੇ ਸੜਕ ਦੇ ਦੋਵੇਂ ਪਾਸੇ ਫੁੱਟਪਾਥ ਵੀ ਬਣਾਇਆ ਗਿਆ ਹੈ। ਸੜਕ ਦੀ ਕੁੱਲ ਲੰਬਾਈ 2.30 ਕਿਲੋਮੀਟਰ ਸੀ ਜਿਸ ਵਿੱਚੋਂ 1.30 ਕਿਲੋਮੀਟਰ ਸੜਕ ਨੂੰ ਸੀਮੇਂਟ ਵਾਲੀ ਬਣਾਇਆ ਗਿਆ ਤੇ 1 ਕਿਲੋਮੀਟਰ ਸੜਕ ਨੂੰ ਲੁੱਕ ਵਾਲੀ ਸੜਕ ਬਣਾਇਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਨੇ ਦੱਸਿਆ ਕਿ ਇਹ ਸੜਕ ਸੀਤੋ ਬਲਾਕ ਦੇ ਪਿੰਡਾਂ ਨੂੰ ਸਹਿਰ, ਤਹਿਸੀਲ, ਅਨਾਜ ਮੰਡੀ ਨਾਲ ਜੋੜਦੀ ਹੈ। ਇਸ ਤੋਂ ਇਲਾਵਾ ਇਸ ਸੜਕ ਤੇ ਕਈ ਸਕੂਲ ਵੀ ਹਨ ਤੇ ਹੁਣ ਇਸ ਸੜਕ ਦੇ ਬਣਨ ਨਾਲ ਇਨ੍ਹਾਂ ਸਕੂਲੀ ਬੱਚਿਆਂ ਨੂੰ ਵੀ ਸਕੂਲ ਜਾਣ ਵਿੱਚ ਦਿੱਕਤ ਪੇਸ਼ ਨਹੀਂ ਆਵੇਗੀ।
ਉਨ੍ਹਾਂ ਕਿਹਾ ਕਿ ਪਹਿਲਾ ਇਸ ਸੜਕ ਦੀ ਹਾਲਤ ਕਾਫੀ ਖਸਤਾ ਹੋਣ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਮੁਸਕਲ ਪੇਸ਼ ਆਉਂਦੀ ਸੀ। ਹੁਣ ਇਸ ਸੜਕ ਦੇ ਚੌੜਾ ਤੇ ਵਧੀਆ ਬਣਨ ਨਾਲ ਆਵਾਜਾਈ ਵਿੱਚ ਸੌਖ ਹੋਈ ਹੈ ਤੇ ਟ੍ਰੈਫਿਕ ਸਮੱਸਿਆ ਤੋਂ ਵੀ ਨਿਜਾਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਵੱਲੋਂ ਸੜਕ ਦਾ ਕੰਮ ਗੁਣਵੰਤਾ ਅਤੇ ਮਾਪਦੰਡਾਂ ਨੂੰ ਮੁੱਖ ਰੱਖਦੇ ਹੋਏ ਕਰਵਾਇਆ ਗਿਆ ਹੈ।