ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਬਾਉਲੀ ਸਾਹਿਬ ਅੰਦਰ ਮੀਨਾਕਾਰੀ ਤੇ ਸੋਨੇ ਦੇ ਪੱਤਰੇ ਲਗਾਉਣ ਦੀ ਹੋਈ ਸ਼ੁਰੂਆਤ,ਲੰਗਰ ਦੀ ਤੀਜੀ ਮੰਜ਼ਿਲ ਦਾ ਪਾਇਆ ਗਿਆ ਲੈਟਰ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਸਮੇਤ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ
ਸ੍ਰੀ ਗੋਇੰਦਵਾਲ ਸਾਹਿਬ,11 ਅਗਸਤ
ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਰੰਭੇ ਕਾਰਜਾਂ ਤਹਿਤ ਅੱਜ ਅਰਦਾਸ ਉਪਰੰਤ ਸ੍ਰੀ ਬਾਉਲੀ ਸਾਹਿਬ ਦੀ ਡਿਉੜੀ ਅੰਦਰ ਮੀਨਾਕਾਰੀ ਅਤੇ ਸੋਨੇ ਦੇ ਪਤਰੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਲੰਗਰ ਹਾਲ ਦੀ ਤੀਜੀ ਮੰਜ਼ਿਲ ਦਾ ਲੈਟਰ ਪਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾਵਾਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸ਼ੌਪੀਆਂ ਗਈਆਂ ਸਨ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਖਾਲਸਾਈ ਪ੍ਰੰਪਰਾਵਾ ਅਨੁਸਾਰ ਸਤੰਬਰ ਮਹੀਨੇ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ 13 ਤੇ 14 ਸਤੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਸਮਾਗਮ ਹੋਣਗੇ, ਜਦਕਿ 16, 17 ਤੇ 18 ਸਤੰਬਰ ਨੂੰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮਾਗਮ ਕਰਵਾਏ ਜਾਣਗੇ। ਇਸੇ ਸਬੰਧ ਵਿੱਚ ਵੱਖ ਵੱਖ ਥਾਵਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਨਗਰ ਕੀਰਤਨ ਵੀ ਸਜਾਏ ਜਾਣਗੇ। ਉਨ੍ਹਾ ਕਿਹਾ ਕਿ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਕਈ ਸੇਵਾਵਾਂ ਅਰੰਭੀਆਂ ਗਈਆਂ ਹਨ, ਜੋ ਸ਼ਤਾਬਦੀ ਸਮਾਗਮਾਂ ਤਕ ਪੂਰੀਆਂ ਕਰ ਲਈਆਂ ਜਾਣਗੀਆਂ। ਅਜ ਸ੍ਰੀ ਬਾਉਲੀ ਸਾਹਿਬ ਦੀ ਡਿਓੜੀ ਵਿੱਚ ਮੀਨਾਕਾਰੀ ਅਤੇ ਸੋਨੇ ਦੇ ਪੱਤਰੇ ਲਗਾਉਣ ਦੀ ਸ਼ੁਰੂਆਤ ਹੋਈ ਹੈ। ਸੰਗਤ ਦੀ ਸਹੂਲਤ ਲਈ ਤਿਆਰ ਕਰਵਾਏ ਜਾ ਰਹੇ ਲੰਗਰ ਦੀ ਤੀਜੀ ਮੰਜ਼ਿਲ ਦਾ ਲੈਟਰ ਪਾਇਆ ਗਿਆ ਹੈ ਜਿਸ ਦੀ ਬਾਕੀ ਤਿਆਰੀ ਵੀ ਸ਼ਤਾਬਦੀ ਤੱਕ ਕਰ ਲਈ ਜਾਵੇਗੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਲੰਪਿਕ ਵਿੱਚ ਕਾਸ਼ੀ ਦਾ ਮੈਡਲ ਜਿੱਤਣ ਤੇ ਭਾਰਤੀ ਟੀਮ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਮੈਂਬਰ ਸ. ਗੁਰਬਚਨ ਸਿੰਘ ਕਰਮੂਵਾਲਾ, ਸ. ਅਮਰਜੀਤ ਸਿੰਘ ਬੰਡਾਲਾ, ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀਵਾਲੇ, ਬਾਬਾ ਅਵਤਾਰ ਸਿੰਘ, ਬਾਬਾ ਸੋਹਣ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਗੁਰਨਾਮ ਸਿੰਘ, ਬਾਬਾ ਕਰਨ ਸਿੰਘ, ਬਾਬਾ ਜਗਾ ਸਿੰਘ, ਸ. ਅਮਰੀਕ ਸਿੰਘ, ਮਾਸਟਰ ਪ੍ਰਦੀਪ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਹਰੀ ਸਿੰਘ, ਇੰਚਾਰਜ ਸ. ਸਤਨਾਮ ਸਿੰਘ ਰਿਆੜ, ਮੈਨੇਜਰ ਸ. ਗੁਰਾ ਸਿੰਘ, ਐਕਸੀਅਨ ਸ. ਅਮਨਦੀਪ ਸਿੰਘ, ਮੀਤ ਮੈਨੇਜਰ ਸ. ਸਰਬਜੀਤ ਸਿੰਘ ਆਦਿ ਹਾਜ਼ਰ ਸਨ।



