ਕਾਲਾ ਰੰਗ ਬਣਿਆ ਕਾਲ, ਸਹੁਰਿਆਂ ਦੇ ਮੇਹਣਿਆਂ ਤੋਂ ਪਰੇਸ਼ਾਨ ਨਵ ਵਿਆਹੁਤਾ ਨੇ ਚੱਕਿਆ ਖੌਫਨਾਕ ਕਦਮ
ਅਬੋਹਰ 24 ਜੁਲਾਈ। ਅਬੋਹਰ ਨੇੜਲੇ ਪਿੰਡ ਰਾਏਪੁਰਾ ਨਿਵਾਸੀ ਤੇ ਮੋਗਾ ਵਿਖੇ ਨਵੀਂ ਵਿਆਹੀ ਲੜਕੀ ਨੇ ਸਹੁਰਿਆਂ ਤੋਂ ਤੰਗ ਆ ਖੌਫਨਾਕ ਕਦਮ ਚੁੱਕਿਆ ਹੈ। ਇਸ ਦਾ ਕਾਰਨ ਸਹੁਰਿਆਂ ਵੱਲੋਂ ਲੜਕੀ ਨੂੰ ਤਾਹਨੇ ਮੇਹਣੇ ਮਾਰਨਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰਾਇਪੁਰਾ ਨਿਵਾਸੀ ਨਿਰਮਲ ਕੌਰ ਦਾ ਵਿਆਹ ਮੋਗਾ ਨਿਵਾਸੀ ਦਿਲਦੀਪ ਨਾਲ ਹੋਇਆ ਸੀ ਤੇ ਵਿਆਹ ਨੂੰ ਹਲੇ ਤਿੰਨ ਮਹੀਨੇ ਹੀ ਹੋਏ ਸਨ। ਉਸ ਦੇ ਹੱਥਾਂ ਤੇ ਲੱਗੀ ਮਹਿੰਦੀ ਹਲੇ ਤੱਕ ਉੱਤਰੀ ਨਹੀਂ ਸੀ ਕਿ ਉਸਨੂੰ ਮੌਤ ਨੇ ਗਲ ਲਾ ਲਿਆ। ਜਾਣਕਾਰੀ ਦਿੰਦੇ ਹੋਏ ਨਿਰਮਲ ਕੌਰ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਾਲੇ ਰੰਗ ਕਰਕੇ ਤਾਹਨੇ ਮਿਹਣੇ ਮਾਰੇ ਜਾਂਦੇ ਸਨ। ਉਸ ਦੇ ਹੱਥਾਂ ਦੀਆਂ ਪਕਾਈਆਂ ਰੋਟੀਆਂ ਵੀ ਉਹ ਨਹੀਂ ਖਾਂਦੇ ਸਨ, ਜਿਸ ਤੋਂ ਦੁਖੀ ਹੋ ਕੇ ਉਸ ਦੀ ਭੈਣ ਨੇ ਇਹ ਕਦਮ ਚੁੱਕਿਆ। ਉਹਨਾਂ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਨਿਰਮਲ ਕੌਰ ਦਾ ਜੇਠ ਤੇ ਦਿਓਰ ਉਸਨੂੰ ਘਰ ਦੇ ਬਾਹਰ ਛੱਡ ਕੇ ਚਲੇ ਗਏ ਸਨ। ਲੜਕੀ ਘਰੋਂ ਬਿਨਾਂ ਦੱਸੇ ਚਲੀ ਗਈ ਤੇ ਉਸਨੇ ਨੇੜਿਓ ਲੰਘਦੀ ਨਹਿਰ ਵਿੱਚ ਛਾਲ ਮਾਰ ਦਿੱਤੀ।
ਲੜਕੀ ਦੇ ਮਾਪਿਆਂ ਦੇ ਬਿਆਨਾਂ ਤੇ ਉਸ ਦੇ ਸਹੁਰੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪਰ ਕਾਲੇ ਰੰਗ ਕਰਕੇ ਤਿੰਨ ਮਹੀਨੇ ਪਹਿਲਾਂ ਵਿਆਹੀ ਲੜਕੀ ਨਾਲ ਅਜਿਹਾ ਵਰਤਾਰਾ ਸਮਾਜ ਨੂੰ ਕੀ ਸੇਧ ਦੇ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਸਹੁਰੇ ਪਰਿਵਾਰ ਨੂੰ ਲੜਕੀ ਦੇ ਰੰਗ ਬਾਰੇ ਪਹਿਲਾਂ ਹੀ ਪਤਾ ਸੀ ਤਾਂ ਫਿਰ ਤਿੰਨ ਮਹੀਨੇ ਬਾਅਦ ਅਜਿਹਾ ਕਿਉਂ ਕੀਤਾ ਜਾਣ ਲੱਗਿਆ।