ਜ਼ਿਲ੍ਹਾ ਬਰਨਾਲਾ ਦੇ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣਗੀਆਂ 6 ਆਧੁਨਿਕ ਪੇਂਡੂ ਲਾਇਬ੍ਰੇਰੀਆਂ


— ਡੇਢ ਕਰੋੜ ਦੀ ਲਾਗਤ ਨਾਲ ਬਣਨਗੀਆਂ ਪਹਿਲੇ ਪੜਾਅ ਦੀਆਂ 6 ਲਾਇਬ੍ਰੇਰੀਆਂ

ਬਰਨਾਲਾ, 8 ਦਸੰਬਰ
‘ਸਾਹਿਤ ਦੇ ਮੱਕੇ’ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਬਰਨਾਲਾ ਦੇ 6 ਪਿੰਡਾਂ ਵਿੱਚ ਨਵੀਆਂ ਆਧੁਨਿਕ ਲਾਇਬ੍ਰੇਰੀਆਂ ਪਿੰਡਾਂ ’ਚ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣਗੀਆਂ।
ਉਚੇਰੀ ਸਿੱਖਿਆ ਅਤੇ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ Meet Hayer ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਪੁਸਤਕ ਸੱਭਿਆਚਾਰ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ। ਸੰਤ ਰਾਮ ਉਦਾਸੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ ਜਿਹੇ ਉਘੇ ਸਾਹਿਤਕਾਰਾਂ ਦੀ ਇਸ ਧਰਤੀ ’ਤੇ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਤੇ ਮਿਆਰੀ ਸਾਹਿਤ ਦੇ ਸੁਮੇਲ ਵਾਲੀਆਂ ਲਾਇਬ੍ਰੇਰੀਆਂ ਨੌਜਵਾਨਾਂ ਨੂੰ ਚੰਗੀ ਦਿਸ਼ਾ ਦੇਣਗੀਆਂ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੀਆਂ 6 ਲਾਇਬ੍ਰੇਰੀਆਂ ਅੰਦਾਜ਼ਨ ਡੇਢ ਕਰੋੜ ਦੀ ਲਾਗਤ ਨਾਲ ਬਣਨਗੀਆਂ ਤੇ 4 ਲਾਇਬ੍ਰੇਰੀਆਂ ਫਰਵਾਹੀ, ਦਾਨਗੜ੍ਹ, ਰੂੜੇਕੇ ਕਲਾਂ ਤੇ ਰਾਏਸਰ ਪੰਜਾਬ ਦੀ ਉਸਾਰੀ ਛੇਤੀ ਮੁਕੰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਲਾਇਬ੍ਰੇਰੀ ਅੰਦਾਜ਼ਨ 25 ਲੱਖ ਦੀ ਲਾਗਤ ਆਵੇਗੀ, ਜਿਸ ਵਿਚ ਉਸਾਰੀ ਲਾਗਤ, ਫਰਨੀਚਰ ਤੇ ਕਿਤਾਬਾਂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਉਦਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਮਿਆਰੀ ਸਾਹਿਤ ਨਾਲ ਜੋੜਨਾ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪਿੰਡ ਬਡਬਰ ਤੇ ਨੰਗਲ ਵਿਚ ਵੀ ਲਾਇਬ੍ਰੇਰੀ ਬਣਾਉਣ ’ਤੇ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਲਾਇਬ੍ਰੇਰੀਆਂ ਪੰਚਾਇਤੀ ਜ਼ਮੀਨ ’ਤੇ ਅਤੇ ਕੁਝ ਸਕੂਲਾਂ ਦੀ ਹੱਦ ’ਚ ਬਣਨਗੀਆਂ।
ਲਾਇਬ੍ਰੇਰੀਆਂ ਦੇ ਪ੍ਰਾਜੈਕਟ ਦਾ ਬੀੜਾ ਚੁੱਕਣ ਵਾਲੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਪਰਮਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਲਾਇਬ੍ਰੇਰੀਆਂ ਲਈ ਫਰਨੀਚਰ ਆਈਕੀਆ ਕੰਪਨੀ ਦੇ ਬੰਗਲੌਰ ਸਟੋਰ ਤੋਂ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਸੋਫੇ, ਕੁਰਸੀਆਂ, ਮੇਜ, ਕਿਤਾਬਾਂ ਲਈ ਰੈਕ, ਰਿਸੈਪਸ਼ਨ ਮੇਜ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਏਸੀ ਲਾਇਬ੍ਰੇਰੀਆਂ ਵਿਚ ਕੰਪਿਊਟਰ ਤੇ ਵਾਈ-ਫਾਈ ਦੀ ਸਹੂਲਤ ਵੀ ਦਿੱਤੀ ਜਾਵੇਗੀ ਜੋ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਮਦਦਗਾਰ ਸਾਬਿਤ ਹੋਵੇਗੀ। ਹਰ ਲਾਇਬ੍ਰੇਰੀ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਤਰ੍ਹਾਂ ਦਾ ਆਧੁਨਿਕ ਤੇ ਸਮਕਾਲੀ ਸਾਹਿਤ ਰੱਖਿਆ ਜਾਵੇਗਾ।

—ਬੌਕਸ ਲਈ ਪ੍ਰਸਤਾਵਿਤ—-
ਨਵੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਦੀ ਸੂਚੀ ਵਿਚ ਵਿਸ਼ਵ ਪ੍ਰਸਿੱਧ ਲੇਖਕਾਂ, ਦੇਸ਼ ਅਤੇ ਪੰਜਾਬੀ ਦੇ ਉਘੇ ਸਾਹਿਤਕਾਰਾਂ ਦੀਆਂ ਕਿਤਾਬਾਂ ਸ਼ਾਮਲ ਹਨ। ਇਸ ਸਾਹਿਤ ਵਿੱਚ ਇਤਿਹਾਸ, ਵਿਗਿਆਨ, ਕਲਾ, ਜੀਵਨੀਆਂ, ਸਫ਼ਰਨਾਮੇ ਤੇ ਰਾਜਨੀਤਿਕ ਲੇਖ ਸ਼ਾਮਲ ਹਨ। ਇਨ੍ਹਾਂ ਵਿਚ ਉਘੇ ਲੇਖਕ ਜਸਵੰਤ ਕੰਵਲ, ਰਾਮ ਸਰੂਪ ਅਣਖੀ, ਅਮ੍ਰਿਤਾ ਪ੍ਰੀਤਮ, ਨਾਵਲਕਾਰ ਨਾਨਕ ਸਿੰਘ, ਵਰਿਆਮ ਸੰਧੂ, ਵੀਨਾ ਵਰਮਾ ਆਦਿ ਤੋਂ ਇਲਾਵਾ ਦੇਸ਼ ਦੇ ਉਘੇ ਲੇਖਕਾਂ ਜਿਵੇਂ ਅਮਿਤਵ ਘੋਸ਼, ਪੀ ਸਾਈਨਾਥ, ਮੁਨਸ਼ੀ ਪ੍ਰੇਮ ਚੰਦ, ਖਸ਼ਵੰਤ ਸਿੰਘ ਦੀਆਂ ਕਿਤਾਬਾਂ ਸ਼ਾਮਲ ਹਨ। ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਲੇਖਕ ਜਿਵੇਂ ਜੌਰਜ ਔਰਵੈੱਲ, ਸਟੀਫਨ ਹਾਕਿੰਗ, ਮਾਰਕ ਟਵੇਨ, ਰਸਕਿਨ ਬਾਂਡ ਆਦਿ ਦੀਆਂ ਕਿਤਾਬਾਂ ਅਤੇ ਉਘੀਆਂ ਅਨੁਵਾਦਿਤ ਕਿਤਾਬਾਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨਗੀਆਂ।

CATEGORIES
TAGS
Share This

COMMENTS

Wordpress (0)
Disqus (0 )
Translate