ਅਬੋਹਰ ਤੇ ਬੱਲੂਆਣਾ ਹਲਕੇ ਦੇ ਲੋਕਾਂ ਸਿਰ ਚੜ ਬੋਲਿਆ ਸੰਦੀਪ ਜਾਖੜ ਦਾ ਜਾਦੂ,50 ਹਜਾਰ ਤੋਂ ਵੱਧ ਦੀ ਲੀਡ ਮਿਲੀ
ਅਬੋਹਰ। ਬੇਸ਼ੱਕ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਇਹ ਚੋਣ ਹਾਰ ਗਏ। ਪਰ ਅਬੋਹਰ ਤੇ ਬੱਲੂਆਣਾ ਹਲਕੇ ਦੇ ਲੋਕਾਂ ਨੇ ਰਾਣੇ ਸੋਢੀ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਦੋਨਾਂ ਹਲਕਿਆਂ ਵਿੱਚ ਭਾਜਪਾ ਉਮੀਦਵਾਰ ਦੇ ਚੋਣ ਪ੍ਰਚਾਰ ਦੀ ਕਮਾਨ ਅਬੋਹਰ ਤੋਂ ਵਿਧਾਇਕ ਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਕੋਲ ਸੀ। ਉਨਾਂ ਦਾ ਜਾਦੂ ਦੋਨਾਂ ਹਲਕਿਆਂ ਦੇ ਲੋਕਾਂ ਸਿਰ ਚੜ ਅਜਿਹਾ ਬੋਲਿਆ ਕਿ ਇਹਨਾਂ ਦੋਨਾਂ ਹਲਕਿਆਂ ਤੋਂ 50 ਹਜਾਰ ਤੋਂ ਵੱਡੀ ਲੀਡ ਭਾਜਪਾ ਉਮੀਦਵਾਰ ਨੂੰ ਮਿਲੀ। ਦੱਸਣ ਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਅਬੋਹਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 45000 ਵੋਟਾਂ ਪਈਆਂ ਸਨ ਤੇ ਸੰਦੀਪ ਜਾਖੜ ਨੇ ਇੱਥੇ 50,000 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ। ਹੁਣ ਸੰਦੀਪ ਜਾਖੜ ਦੀ ਮਿਹਨਤ ਸਦਕਾ ਇਸ ਹਲਕੇ ਤੋਂ 33 ਹਜਾਰ ਤੋਂ ਵੱਧ ਲੀਡ ਭਾਜਪਾ ਉਮੀਦਵਾਰ ਰਾਣੇ ਸੋਡੀ ਨੂੰ ਮਿਲੀ ਹੈ। ਬੱਲੂਆਣਾ ਵਿਧਾਨ ਸਭਾ ਹਲਕੇ ਵਿੱਚ ਵੀ ਸੰਦੀਪ ਜਾਖੜ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਸਦਕਾ ਰਾਣੇ ਸੋਢੀ ਨੂੰ ਇਥੋਂ ਵੀ 20 ਹਜਾਰ ਦੀ ਵੱਡੀ ਲੀਡ ਮਿਲੀ ਹੈ। ਸਿਆਸੀ ਖੇਮੇ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੀ ਹੋਈ ਜਿੱਤ ਦੀ ਚਰਚਾ ਘੱਟ ਚੱਲ ਰਹੀ ਹੈ ਜਦੋਂ ਕਿ ਅਬੋਹਰ ਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਤੋਂ ਭਾਜਪਾ ਉਮੀਦਵਾਰ ਨੂੰ ਮਿਲੀ ਵੱਡੀ ਲੀਡ ਦੀ ਚਰਚਾ ਜਿਆਦਾ ਚੱਲ ਰਹੀ ਹੈ। 52 ਹਜਾਰ ਤੋਂ ਵੱਧ ਵੋਟ ਅਬੋਹਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਨੂੰ ਪੈਣ ਨਾਲ ਸੰਦੀਪ ਜਾਖੜ ਦਾ ਸਿਆਸਤ ਵਿੱਚ ਕੱਦ ਹੋਰ ਉੱਚਾ ਤੇ ਮਜਬੂਤ ਹੋਇਆ ਹੈ।



