ਮੋਦੀ ਕਹਿੰਦੇ ਸਨ ਕਿ ਉਹ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀਂ ਛੱਡਣਗੇ, ਉਨ੍ਹਾਂ ਨੇ ਸਾਰੇ ਭ੍ਰਿਸ਼ਟਾਚਾਰੀ ਲੋਕਾਂ ਨੂੰ ਆਪਣੀ ਪਾਰਟੀ (ਭਾਜਪਾ) ‘ਚ ਸ਼ਾਮਲ ਕਰ ਲਿਆ: ਭਗਵੰਤ ਮਾਨ
ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਕਿਹਾ, ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ
ਗੁਜਰਾਤ, 4 ਮਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਗੁਜਰਾਤ ਦੇ ਭਰੂਚ ਵਿਖੇ ਪਹੁੰਚ ਕੇ ‘ਆਪ’ ਉਮੀਦਵਾਰ ਚੈਤਰ ਵਸਾਵਾ ਲਈ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਰੋਡ-ਸ਼ੋਅ ਕੱਢਿਆ ਅਤੇ ਵਾਗਰਾ, ਜੰਬੂਸਾਰ ਅਤੇ ਕਰਜਨ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਉਨ੍ਹਾਂ ਨੂੰ ਸੁਣਨ ਲਈ ਇਕੱਠੇ ਹੋਏ। ਭੀੜ ਨੇ ‘ਗੁਜਰਾਤ ਮੈਂ ਭੀ ਕੇਜਰੀਵਾਲ’, ‘ਲੜੇਂਗੇ ਔਰ ਜੀਤੇਂਗੇ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ।
ਵਾਗਰਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਰੂਚ ਵਿੱਚ ਸਭ ਦਾ ਧਿਆਨ ਹੈ ਕਿ ਇੱਥੇ ਕੀ ਹੋਵੇਗਾ ਕਿਉਂਕਿ ਭਰੂਚ ਦੇ ਲੋਕ ਕ੍ਰਾਂਤੀਕਾਰੀ ਹਨ। ਉਨ੍ਹਾਂ ਕਿਹਾ ਕਿ ਭਰੂਚ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਉਨ੍ਹਾਂ ਦੇ ਉਮੀਦਵਾਰ ਚੈਤਰ ਵਸਾਵਾ ‘ਤੇ ਜੋ ਪਿਆਰ ਦਿਖਾਇਆ ਹੈ, ਉਹ ਉਸਦਾ ਕਦੇ ਵੀ ਮੁੱਲ ਨਹੀਂ ਉਤਾਰ ਸਕਦੇ । ਭਗਵੰਤ ਮਾਨ ਨੇ ਕਿਹਾ ਕਿ ਚੈਤਰ ਭਾਈ ਲੋਕਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੇ ਸਨ, ਉਹ ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਲੜਦੇ ਹਨ। ਇਹੀ ਕਾਰਨ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ। ਪਰ ਉਹ ਹੁਣ ਜੇਲ੍ਹ ਤੋਂ ਬਾਹਰ ਹਨ ਅਤੇ ਇੱਕ ਵਾਰ ਫਿਰ ਸਹੀ ਲਈ ਲੜ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ (ਭਾਜਪਾ) ਨੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਚੋਣਾਂ ਤੋਂ ਠੀਕ ਪਹਿਲਾਂ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣਾ ਚਾਹੁੰਦੇ ਸਨ। ਭਾਜਪਾ ਅਤੇ ਨਰਿੰਦਰ ਮੋਦੀ ‘ਆਪ’ ਅਤੇ ਅਰਵਿੰਦ ਕੇਜਰੀਵਾਲ ਤੋਂ ਡਰੇ ਹੋਏ ਹਨ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਨਹੀਂ ਹਨ, ਉਹ ਇੱਕ ਵਿਚਾਰ ਹਨ, ਇੱਕ ਸੋਚ ਹਨ। ਉਹ ਸਿਰਫ਼ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਸਕਦੇ ਪਰ ਉਨ੍ਹਾਂ ਦੀ ਸੋਚ ਨੂੰ ਕਦੇ ਨਹੀਂ ਰੋਕ ਸਕਦੇ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਐਨੀ ਡਰੀ ਹੋਈ ਹੈ ਕਿ ਉਨ੍ਹਾਂ ਨੇ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ, ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ, ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਖਾਤੇ ਫ੍ਰੀਜ਼ ਕੀਤੇ ਅਤੇ ਜਿੱਥੇ ਗੈਰ-ਭਾਜਪਾ ਸਰਕਾਰਾਂ ਹਨ ਉੱਥੇ ਉਹ ਗਵਰਨਰ ਦੇ ਅਹੁਦੇ ਦੀ ਦੁਰਵਰਤੋਂ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਵੀ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਤਾਮਿਲਨਾਡੂ ਦੇ ਰਾਜਪਾਲ ਵੀ ਅਜਿਹਾ ਹੀ ਕਰਦੇ ਹਨ ਅਤੇ ਮਮਤਾ ਬੈਨਰਜੀ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਬੀਜੇਪੀ ਇੱਕ ਤਾਨਾਸ਼ਾਹ ਪਾਰਟੀ ਹੈ, ਉਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਖ਼ਤਮ ਕਰਕੇ ਆਪਣਾ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ, ਸਾਡੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਗੈਰ-ਭਾਜਪਾ ਰਾਜਾਂ ਵਿੱਚ ਉਹ ਵਿਧਾਇਕਾਂ ਨੂੰ ਖ਼ਰੀਦਦੇ ਹਨ ਅਤੇ ਸਰਕਾਰਾਂ ਨੂੰ ਡੇਗਦੇ ਹਨ, ਲੋਕਤੰਤਰ ਵਿੱਚ ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਮਿਸਾਲ ਸਭ ਦੇ ਸਾਹਮਣੇ ਹੈ। ਭਾਜਪਾ ਨੇ ਗੈਰ-ਕਾਨੂੰਨੀ ਢੰਗ ਨਾਲ ਆਪਣਾ ਮੇਅਰ ਬਣਾਉਣ ਲਈ ‘ਆਪ’ ਦੀਆਂ 8 ਵੋਟਾਂ ਨੂੰ ਰੱਦ ਕਰ ਦਿੱਤਾ, ਪਰ ਫੇਰ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਸੂਰਤ ਵਿੱਚ ਵੀ ਅਜਿਹਾ ਹੀ ਵਾਪਰਿਆ ਹੈ, ਕਾਂਗਰਸ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਅਤੇ ਉਨ੍ਹਾਂ ਨੇ ਆਜ਼ਾਦ ਉਮੀਦਵਾਰਾਂ ਨੂੰ ਖ਼ਰੀਦ ਲਿਆ ਅਤੇ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ। ਜਦਕਿ ਸੰਵਿਧਾਨਕ ਤੌਰ ‘ਤੇ ਚੋਣ ਹੋਣੀ ਚਾਹੀਦੀ ਸੀ ਕਿਉਂਕਿ ਦੂਜੇ ਉਮੀਦਵਾਰਾਂ ਦੀ ਗੈਰ-ਮੌਜੂਦਗੀ ਵਿੱਚ ਵੀ ਨੋਟਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਲਈ ਜਨਤਾ ਦਾ ਫ਼ਤਵਾ ਕੋਈ ਮਾਇਨੇ ਨਹੀਂ ਰੱਖਦਾ। ਇਸ ਲਈ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਭਾਜਪਾ ਨੂੰ ਵੋਟ ਨਹੀਂ ਕਰਨਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੇ ਪਹਿਲੇ ਦੋ ਗੇੜ ਦੇ ਰੁਝਾਨਾਂ ਨੇ ਭਾਜਪਾ ਨੂੰ ਝਟਕਾ ਦਿੱਤਾ ਹੈ, ਹੁਣ ਉਹ ਹੁਣ 400 ਸੀਟਾਂ ਦਾ ਦਾਅਵਾ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਗੱਠਜੋੜ ਦੋਵੇਂ ਪੜਾਅ ਆਸਾਨੀ ਨਾਲ ਜਿੱਤ ਰਿਹਾ ਹੈ। ਇਸੇ ਲਈ ਹੁਣ ਨਰਿੰਦਰ ਮੋਦੀ ਅਤੇ ਭਾਜਪਾ ਧਰੁਵੀਕਰਨ ਦੀ ਰਾਜਨੀਤੀ ਦਾ ਸਹਾਰਾ ਲੈ ਕੇ ਮੰਗਲ-ਸੂਤਰ ‘ਤੇ ਵੋਟਾਂ ਮੰਗ ਰਹੇ ਹਨ। ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਕੋਲ ਆਪਣੇ ਦਸ ਸਾਲਾਂ ਦੇ ਰਿਪੋਰਟ ਕਾਰਡ ਵਿੱਚ ਦਿਖਾਉਣ ਲਈ ਕੁਝ ਨਹੀਂ ਹੈ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਮਹਿੰਗਾਈ ਵਧੀ ਹੈ, ਮੋਦੀ ਸਰਕਾਰ ਨੇ ਸਰਕਾਰੀ ਸਕੂਲ ਅਤੇ ਹਸਪਤਾਲ ਨਹੀਂ ਬਣਾਏ ਅਤੇ ਕਿਸੇ ਨੂੰ 15 ਲੱਖ ਰੁਪਏ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਭਾਜਪਾ ਭਾਰਤੀ ਜੁਮਲਾ ਪਾਰਟੀ ਹੈ। ਮਾਨ ਨੇ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਅਤੇ ਉਹ (ਭਾਜਪਾ) ਨਫਰਤ ਦੀ ਰਾਜਨੀਤੀ ਕਰਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਇਸ ਲਈ ਰੱਖ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਭਾਜਪਾ ਦਾ ਸਫਾਇਆ ਕਰ ਦੇਣਗੇ। ਅਸੀਂ ਭਾਜਪਾ ਨੂੰ ਦਿੱਲੀ ਅਤੇ ਪੰਜਾਬ ਵਿੱਚੋਂ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਸਰਕਾਰੀ ਸਕੂਲ ਅਤੇ ਹਸਪਤਾਲ ਵਿਸ਼ਵ ਪੱਧਰੀ ਹਨ। ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਮਿਲ ਰਹੀ ਹੈ। ਮੈਂ ਦੋ ਸਾਲਾਂ ਵਿੱਚ 43,000 ਸਰਕਾਰੀ ਨੌਕਰੀਆਂ ਦਿੱਤੀਆਂ। ਮਾਨ ਨੇ ਕਿਹਾ ਕਿ ਅਸੀਂ ਜੁਮਲਾ ਪਾਰਟੀ ਦੇ ਉਲਟ ਜੋ ਵਾਅਦਾ ਕਰਦੇ ਹਾਂ, ਉਸ ਨੂੰ ਪੂਰਾ ਕਰਦੇ ਹਾਂ। ਮੈਂ ਤਾਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ, ’15 ਲਾਖ ਕੀ ਰਕਮ ਲਿਖਤਾਂ ਹੂੰ ਤੋ ਸਿਆਹੀ ਸੂਖ ਜਾਤੀ ਹੈ, ਕਾਲੇ ਧਨ ਕੀ ਬਾਤ ਕਰਤਾ ਹੂੰ ਤੋ ਕਲਮ ਰੁਕ ਜਾਤੀ ਹੈ, ਹਰ ਬਾਤ ਹੀ ਜੁਮਲਾ ਨਿਕਲੀ, ਅਬ ਤੋ ਸ਼ੱਕ ਹੈ ਕੀ ਚਾਏ ਬਨਾਨੀ ਵੀ ਆਤੀ ਹੈ’।
ਭਗਵੰਤ ਮਾਨ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਚੈਤਰ ਵਸਾਵਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਿੰਗ ਮਸ਼ੀਨ ‘ਤੇ ‘ਆਪ’ ਦਾ ਚੋਣ ਨਿਸ਼ਾਨ ‘ਝਾੜੂ’ ਦਾ ਬਟਨ ਇਕ ਨੰਬਰ ਤੇ ਹੋਵੇਗਾ ਅਤੇ 4 ਜੂਨ ਤੋਂ ਬਾਅਦ ਭਰੂਚ ਗੁਜਰਾਤ ‘ਚ ਨੰਬਰ -1 ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਭਰੂਚ ਦੇ ਲੋਕ ਇਸ ਵਾਰ ਇਤਿਹਾਸ ਲਿਖਣ ਲਈ ਤਿਆਰ ਹਨ।
ਜੰਬੂਸਰ ‘ਚ ਭਗਵੰਤ ਮਾਨ ਨੇ ਕਿਹਾ ਕਿ ਪੱਤਰਕਾਰ ਮੈਨੂੰ ਪੁੱਛਦੇ ਹਨ ਕਿ ਅਸੀਂ ਮੋਦੀ ਨੂੰ ਦਿੱਲੀ ਅਤੇ ਪੰਜਾਬ ‘ਚ ਕਿਵੇਂ ਰੋਕਿਆ। ਮੈਂ ਕਹਿੰਦਾ ਹਾਂ ਕਮਲ ਚਿੱਕੜ ਵਿੱਚ ਖਿੜਦਾ ਹੈ, ‘ਝਾੜੂ’ ਨਾਲ ਅਸੀਂ ਉਸ ਚਿੱਕੜ ਨੂੰ ਸਾਫ਼ ਕਰਦੇ ਹਾਂ, ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਖਿੜਿਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਦੇ ਦੋ ਸੰਸਦ ਮੈਂਬਰ ਜਿੱਤੇ ਸਨ। ਪਰ ਇਸ ਵਾਰ ਉਨ੍ਹਾਂ ਨੂੰ ਪੰਜਾਬ ਵਿੱਚ ਵੱਡਾ ਜ਼ੀਰੋ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਦੋ ਵਿਧਾਇਕ ਹਨ। ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਚੁਣਿਆ ਹੈ, ਹੁਣ ਗੁਜਰਾਤ ਦੇ ਲੋਕਾਂ ਦੀ ਵਾਰੀ ਹੈ, ਇਸ ਲਈ ਉਨ੍ਹਾਂ ਨੂੰ ਭਾਜਪਾ ਨੂੰ ਵੋਟ ਨਹੀਂ ਕਰਨਾ ਚਾਹੀਦਾ ਹੈ।
ਭਗਵੰਤ ਮਾਨ ਦਾ ਦਾਅਵਾ- ਇੰਡੀਆ ਗੱਠਜੋੜ ਨੂੰ 110-120 ਸੀਟਾਂ ਮਿਲਣਗੀਆਂ ਜਦਕਿ ਭਾਜਪਾ ਨੂੰ ਪਹਿਲੇ ਦੋ ਗੇੜ ਦੀਆਂ ਚੋਣਾਂ ਚੋਂ ਸਿਰਫ਼ 40-50 ਸੀਟਾਂ ਹੀ ਮਿਲਣਗੀਆਂ
ਭਗਵੰਤ ਮਾਨ ਨੇ ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਜਿਹੜਾ ਬੱਚਾ ਰੇਲਵੇ ਸਟੇਸ਼ਨ ਤੇ ਚਾਹ ਵੇਚਦਾ ਸੀ, ਉਸ ਨੇ ਰੇਲ, ਭੇਲ, ਐਲਆਈਸੀ, ਏਅਰਪੋਰਟ ਅਤੇ ਸਾਡਾ ਦੇਸ਼ ਹੀ ਵੇਚ ਦਿੱਤਾ
ਗੁਜਰਾਤ ਦੇ ਕਰਜਨ ‘ਚ ਭਗਵੰਤ ਮਾਨ ਨੇ ਭਾਜਪਾ ਅਤੇ ਨਰਿੰਦਰ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜਿਹੜਾ ਬੱਚਾ ਇਹ ਦਾਅਵਾ ਕਰਦਾ ਹੈ ਕਿ ਉਹ ਰੇਲਵੇ ਸਟੇਸ਼ਨ ‘ਤੇ ਚਾਹ ਵੇਚਦਾ ਸੀ, ਉਸ ਨੇ ਹੁਣ ਭਾਰਤੀ ਰੇਲ, ਭੇਲ, ਐਲਆਈਸੀ, ਏਅਰਪੋਰਟ ਅਤੇ ਸਾਡੇ ਦੇਸ਼ ਨੂੰ ਵੇਚ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਦੇਸ਼ ਨੂੰ ਇਨ੍ਹਾਂ ਲੋਕਾਂ ਦੇ ਚੁੰਗਲ ਤੋਂ ਬਚਾਉਣਾ ਹੈ, ਜੋ ਸਾਡੇ ਲੋਕਤੰਤਰ ਅਤੇ ਸੰਵਿਧਾਨ ਲਈ ਖਤਰਾ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਪਹਿਲੇ ਦੋ ਗੇੜ ਦੇ ਚੋਣਾਂ ਵਿੱਚ 110-120 ਸੀਟਾਂ ਜਿੱਤ ਰਿਹਾ ਹੈ, ਜਦਕਿ ਭਾਜਪਾ ਨੂੰ ਸਿਰਫ਼ 40-50 ਸੀਟਾਂ ਹੀ ਮਿਲ ਰਹਿਆਂ ਹਨ। ਮਾਨ ਨੇ ਕਿਹਾ ਕਿ ਹੁਣ ਨਰਿੰਦਰ ਮੋਦੀ ਦੇ ਸੁਰ ਹੀ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ 10 ਸਾਲ ਰਾਜ ਕਰਨ ਤੋਂ ਬਾਅਦ ਅੱਜ ਮੋਦੀ ਮੰਗਲ-ਸੂਤਰ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ। ਉਹ ਸਾਡੇ ਦੇਸ਼ ਅਤੇ ਸਾਡੇ ਲੋਕਾਂ ਨੂੰ ਵੰਡਦੇ ਹਨ,ਨਫ਼ਰਤ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼,ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਪਾਉਣ।