ਪੰਜਾਬ ਦੇ ਐਨ.ਆਰ.ਆਈ. ਪਰਿਵਾਰ ਨਾਲ ਹਰਿਆਣਾ ਵਿੱਚ ਵਾਪਰੀ ਹਮਲੇ ਦੀ ਘਟਨਾ ਸਬੰਧੀ ਜ਼ੀਰੋ FIR ਦਰਜ

ਪੰਜਾਬ ਸਰਕਾਰ ਸੂਬੇ ਦੇ ਪਰਵਾਸੀ ਪੰਜਾਬੀਆਂ ਦੇ ਹਿੱਤ ਸੁਰੱਖਿਅਤ ਰੱਖਣ ‘ਚ ਕੋਈ ਕਮੀ ਨਹੀਂ ਛੱਡੇਗੀ: ਕੁਲਦੀਪ ਸਿੰਘ ਧਾਲੀਵਾਲ

ਐਨ.ਆਰ.ਆਈ. ਪਰਿਵਾਰ ਨੂੰ ਬਚਾਉਣ ਵਾਲੇ ਡਰਾਈਵਰ ਨੂੰ ਮਿਲੇਗਾ 1 ਲੱਖ ਦਾ ਇਨਾਮ ਅਤੇ ਬਹਾਦਰੀ ਪੁਰਸਕਾਰ

ਚੰਡੀਗੜ੍ਹ, 30 ਜੁਲਾਈ:। ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਪਿੰਡ ਚਿਮਨੇਵਾਲਾ, ਜ਼ਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਐਨ.ਆਰ.ਆਈ. ਪਰਿਵਾਰ ਸੁਖਵਿੰਦਰ ਕੌਰ ਅਤੇ ਬੂਟਾ ਸਿੰਘ ਨਾਲ ਬੀਤੇ ਦਿਨੀਂ ਹਰਿਆਣਾ ਸੂਬੇ ਦੇ ਰੋਹਤਕ ਵਿਖੇ ਵਾਪਰੀ ਹਮਲੇ ਦੀ ਘਟਨਾ ਸਬੰਧੀ ਬੀ.ਐਨ.ਐਸ.-2023 ਐਕਟ ਤਹਿਤ ਜ਼ੀਰੋ ਐਫ.ਆਈ.ਆਰ. ਨੰ: 001, ਮਿਤੀ: 29 ਜੁਲਾਈ, 2024 ਦਰਜ ਕਰ ਲਈ ਗਈ ਹੈ।

ਇਹ ਜਾਣਕਾਰੀ ਦਿੰਦਿਆਂ ਸ. ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਤੇ ਦਿਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚਿਮਨੇਵਾਲਾ ਵਿਖੇ ਪਹੁੰਚ ਕੇ ਐਨ.ਆਰ.ਆਈ. ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਘਟਨਾ ਸਬੰਧੀ ਜ਼ੀਰੋ ਐਫ.ਆਈ.ਆਰ. ਦਰਜ ਕਰਨ ਲਈ ਪੁਲਿਸ ਸਟੇਸ਼ਨ ਐਨ.ਆਰ.ਆਈ. ਨਾਲ ਰਾਬਤਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਸੂਬੇ ਦੇ ਪਰਵਾਸੀ ਪੰਜਾਬੀਆਂ ਦੇ ਨਾਲ ਖੜ੍ਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਹਿੱਤ ਸੁਰੱਖਿਅਤ ਰੱਖਣ ‘ਚ ਕੋਈ ਕਮੀ ਨਹੀਂ ਛੱਡੇਗੀ।

ਸ. ਧਾਲੀਵਾਲ ਨੇ ਇਸ ਮਾਮਲੇ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਜ਼ੀਰੋ ਐਫ.ਆਰ.ਆਈ. ਕਰਨ ਕਰਨ ਲਈ ਚਿੱਠੀ ਲਿਖੀ ਸੀ ਅਤੇ ਉਕਤ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੀ ਪਹਿਚਾਣ ਕਰਨ ਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ, ‘’ਮੈਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ ਤਾਂ ਜੋ ਦਿੱਲੀ ਅਤੇ ਪੰਜਾਬ ਵਿਚਕਾਰ ਸਫਰ ਕਰਨ ਵਾਲੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸੁਖਵਿੰਦਰ ਕੌਰ ਜੋ ਕਿ ਵਿਦੇਸ਼ ਤੋਂ ਪਰਤੇ ਸਨ, ਦੇ ਪਤੀ ਬੂਟਾ ਸਿੰਘ ਉਨ੍ਹਾਂ ਨੂੰ ਲੈਣ ਲਈ ਦਿੱਲੀ ਗਏ ਸਨ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ‘ਤੇ ਹਮਲਾ ਹੋਇਆ ਸੀ। ਇਸ ਵਾਰਦਾਤ ਦੌਰਾਨ ਡਰਾਈਵਰ ਦੀ ਫੁਰਤੀ ਨੇ ਸਬੰਧਤਾਂ ਨੂੰ ਵੱਡੇ ਜਾਨੀ ਨੁਕਸਾਨ ਤੋਂ ਬਚਾਇਆ ਲਿਆ ਸੀ।

ਵਰਣਨਯੋਗ ਹੈ ਕਿ ਇਸ ਘਟਨਾ ਦੌਰਾਨ ਐਨ.ਆਰ.ਆਈ. ਪਰਿਵਾਰ ਨੂੰ ਬਚਾਉਣ ਵਾਲੇ ਡਰਾਈਵਰ ਨੂੰ ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ 1 ਲੱਖ ਰੁਪਏ ਦਾ ਇਨਾਮ ਦੇਣ ਅਤੇ ਪੰਜਾਬ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਵੀ ਕੀਤਾ ਹੈ।


CATEGORIES
Share This

COMMENTS

Wordpress (0)
Disqus (0 )
Translate